ਵੰਦੇ ਭਾਰਤ ਗੱਡੀ ਨੂੰ ਪਹਿਲਾਂ ਲੰਘਾਉਣ ਦਾ ਵਿਰੋਧ
ਫਿਰੋਜ਼ਪੁਰ ਤੋਂ ਦਿੱਲੀ ਲਈ ਚੱਲ ਰਹੀ ਵੰਦੇ ਭਾਰਤ ਸੁਪਰਫਾਸਟ ਰੇਲ ਗੱਡੀ ਨੂੰ ਗੋਨਿਆਣਾ ਦੇ ਭਾਈ ਜਗਤਾ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੰਗਲਵਾਰ ਨੂੰ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਫ਼ਿਰੋਜ਼ਪੁਰ ਤੋਂ ਬਠਿੰਡਾ ਆ ਰਹੀ...
ਫਿਰੋਜ਼ਪੁਰ ਤੋਂ ਦਿੱਲੀ ਲਈ ਚੱਲ ਰਹੀ ਵੰਦੇ ਭਾਰਤ ਸੁਪਰਫਾਸਟ ਰੇਲ ਗੱਡੀ ਨੂੰ ਗੋਨਿਆਣਾ ਦੇ ਭਾਈ ਜਗਤਾ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੰਗਲਵਾਰ ਨੂੰ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਫ਼ਿਰੋਜ਼ਪੁਰ ਤੋਂ ਬਠਿੰਡਾ ਆ ਰਹੀ ਪੈਸੰਜਰ ਗੱਡੀ ਦੇ ਯਾਤਰੀ ਇਕੱਠੇ ਹੋਏ ਅਤੇ ਵੰਦੇ ਭਾਰਤ ਟਰੇਨ ਨੂੰ ਰੋਕ ਕੇ ਵਿਰੋਧ ਕੀਤਾ। ਇਸ ਕਾਰਨ ਵੰਦੇ ਭਾਰਤ ਕਰੀਬ 20 ਮਿੰਟ ਦੇਰੀ ਨਾਲ ਰਵਾਨਾ ਹੋਈ।
ਯਾਤਰੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਗੱਡੀ ਨੂੰ ਜੈਤੋ, ਗੋਨਿਆਣਾ ਅਤੇ ਵਿਚਕਾਰਲੇ ਹੋਰ ਸਟੇਸ਼ਨਾਂ ’ਤੇ ਅਕਸਰ ਇਸ ਲਈ ਰੋਕਿਆ ਜਾਂਦਾ ਹੈ, ਤਾਂ ਜੋ ਵੰਦੇ ਭਾਰਤ ਪਹਿਲਾਂ ਲੰਘ ਸਕੇ। ਯਾਤਰੀਆਂ ਨੇ ਮੰਗ ਕੀਤੀ ਕਿ ਰੇਲਾਂ ਦੇ ਸਮੇਂ ਨੂੰ ਮੁੜ ਤਰਤੀਬਬੱਧ ਕੀਤਾ ਜਾਵੇ।
ਵਿਰੋਧ ਦੀ ਸੂਚਨਾ ਮਿਲਣ ’ਤੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਏ ਐੱਸ ਆਈ ਕੁਲਦੀਪ ਕੁਮਾਰ ਅਤੇ ਹਲਕਾ ਭੁੱਚੋ ਦੇ ਡੀ ਐੱਸ ਪੀ ਪਿਰਤਪਾਲ ਸਿੰਘ ਮੌਕੇ ’ਤੇ ਪਹੁੰਚੇ। ਅਧਿਕਾਰੀਆਂ ਨੇ ਦੱਸਿਆ ਕਿ ਵੰਦੇ ਭਾਰਤ ਟਰੇਨ ਦਾ ਰਾਹ ਰੋਕਣ ਵਾਲੇ ਯਾਤਰੀਆਂ ਦੀ ਵੀਡੀਓ ਬਣਾਈ ਗਈ ਹੈ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਟੇਸ਼ਨ ਮਾਸਟਰ ਨੇ ਦੱਸਿਆ ਕਿ ਇਸ ਮਸਲੇ ਬਾਰੇ ਯਾਤਰੀ ਪਹਿਲਾਂ ਵੀ ਸ਼ਿਕਾਇਤ ਕਰਦੇ ਰਹੇ ਹਨ। ਉਨ੍ਹਾਂ ਮੁਤਾਬਕ ਇਹ ਮਾਮਲਾ ਫ਼ਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਚੁੱਕਾ ਹੈ।

