ਅਪਰੇਸ਼ਨ ਸੀਲ: ਬਠਿੰਡਾ ਤੇ ਮੁਕਤਸਰ ’ਚ ਅੰਤਰਰਾਜੀ ਨਾਕਿਆਂ ’ਤੇ ਚੈਕਿੰਗ
ਗੁਆਂਢੀ ਰਾਜ ਹਰਿਆਣਾ ਅਤੇ ਰਾਜਸਥਾਨ ਤਰਫ਼ੋਂ ਨਸ਼ਿਆਂ ਦੀ ਆਮਦ ਨੂੰ ਰੋਕਣ ਲਈ ਐੱਸਐੱਸਪੀ ਅਮਨੀਤ ਕੌਂਡਲ ਦੇ ਹੁਕਮਾਂ ਤਹਿਤ ਅੱਜ ਬਠਿੰਡਾ ਜ਼ਿਲ੍ਹੇ ਦੀ ਪੁਲੀਸ ਵੱਲੋਂ ‘ਇੰਟਰ ਸਟੇਟ ਅਪਰੇਸ਼ਨ ਸੀਲ-17’ ਮੁਹਿੰਮ ਅਧੀਨ ਜ਼ਿਲ੍ਹੇ ਸਰਹੱਦੀ ਨਾਕਿਆਂ ’ਤੇ ਚੈਕਿੰਗ ਕੀਤੀ ਗਈ। ਡੀਐੱਸਪੀ ਇਸ਼ਾ ਸਿੰਗਲਾ ਡੀਐੱਸਪੀ (ਸੀਏਡਬਲਿਊ) ਅਤੇ ਸੰਜੀਵ ਕੁਮਾਰ ਡੀਐੱਸਪੀ (ਕਮਾਂਡ ਸੈਂਟਰ ਬਠਿੰਡਾ) ਨੇ ਕਿਹਾ ਕਿ ਨਸ਼ਾ ਤਸਕਰੀ ਨੂੰ ਖ਼ਤਮ ਕਰਨ ਅਤੇ ਮਾੜੇ ਅਨਸਰਾਂ ’ਤੇ ਨਕੇਲ ਕਸਣ ਲਈ ਪੁਲੀਸ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਸਖ਼ਤੀ ਨਾਲ ਜਾਂਚ ਜਾਰੀ ਹੈ, ਤਾਂ ਕਿ ਜ਼ਿਲ੍ਹੇ ’ਚ ਅਮਨ-ਚੈਨ ਬਰਕਰਾਰ ਰਹੇ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਪਿੰਡਾਂ ਜਾਂ ਸ਼ਹਿਰਾਂ ਚ ਤੁਹਾਡੇ ਆਲੇ-ਦੁਆਲੇ ਕੋਈ ਵੀ ਤਸਕਰ ਨਸ਼ਾ ਵੇਚਦਾ ਹੈ, ਤਾਂ ਉਹ ਪੁਲੀਸ ਦੇ ਟੋਲ ਫ਼ਰੀ ਜਾਂ ਵਟਸਐਪ ਨੰਬਰ 91155-02252 ਜਾਂ ਕੰਟਰੋਲ ਰੂਮ ਦੇ ਨੰਬਰ 75080-09080 ’ਤੇ ਸੂਚਨਾ ਦੇ ਸਕਦੇ ਹਨ ਜਾਂ ਸਿੱਧਾ ਦਫ਼ਤਰ ਆ ਕੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ੇ ਦੇ ਸੌਦਾਗਰ ਦਾ ਪਤਾ ਦੱਸਣ ਵਾਲੇ ਵਿਅਕਤੀ ਦੀ ਪਹਿਚਾਣ ਤੇ ਨਾਮ ਗੁਪਤ ਰੱਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮਲੋਟ ਦੇ 6 ਵਿਅਕਤੀਆਂ ਨੂੰ ਫਾਰਚੂਨਰ ਗੱਡੀ ’ਤੇ 40 ਕਿੱਲੋ ਹੈਰੋਇਨ ਲਿਆਉਂਦਿਆਂ ਬਠਿੰਡਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਇਸੇ ਤਰ੍ਹਾਂ ਦੋ ਦਿਨ ਪਹਿਲਾਂ ਬਠਿੰਡਾ ਸ਼ਹਿਰ ਦੇ ਨਾਲ ਖਹਿੰਦੇ ਪਿੰਡ ਬੀੜ ਤਲਾਬ ਦੇ ਰਹਿਣ ਵਾਲੇ ਇੱਕ ਕਾਲਜੀਏਟ ਲੜਕੇ ਤੋਂ ਅੱਧਾ ਕਿੱਲੋ ਚਿੱਟਾ ਫੜ੍ਹਿਆ ਗਿਆ ਸੀ। ਐੱਸਐੱਸਪੀ ਅਮਨੀਤ ਕੌਂਡਲ ਵੱਲੋਂ ਨਸ਼ਿਆਂ ਖ਼ਿਲਾਫ਼ ਸਖ਼ਤੀ ਦੀ ਲੋਕਾਂ ਵਿੱਚ ਵਿਆਪਕ ਚਰਚਾ ਹੈ। ਪਤਾ ਲੱਗਾ ਹੈ ਕਿ ਉਨ੍ਹਾਂ ਵੱਲੋਂ ਆਪਣੇ ਮਾਤਹਿਤ ਜ਼ਿਲ੍ਹੇ ਦੇ ਪੁਲੀਸ ਅਧਿਕਾਰੀਆਂ ਨੂੰ ਨਸ਼ੇ ਨੂੰ ਠੱਲ੍ਹ ਪਾਉਣ ਲਈ ਜਬਰਦਸਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ।
ਗਿੱਦੜਬਾਹਾ (ਪੱਤਰ ਪ੍ਰੇਰਕ): ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ ਦੀ ਅਗਵਾਈ ਹੇਠ ਨਸ਼ਿਆਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ‘ਅਪਰੇਸ਼ਨ ਸੀਲ’ ਤਹਿਤ ਹਰਿਆਣਾ ਤੇ ਰਾਜਸਥਾਨ ਨਾਲ ਲੱਗਦੀਆਂ ਸਰਹੱਦਾਂ ’ਤੇ ਨਾਕਾਬੰਦੀ ਕਰ ਕੇ ਦੋਵੇਂ ਰਾਜਾਂ ਦੀ ਪੁਲੀਸ ਨਾਲ ਮਿਲ ਕੇ ਚੈਕਿੰਗ ਕੀਤੀ ਗਈ। ਚੈਕਿੰਗ ਦੇ ਮੁੱਖ ਉਦੇਸ਼ ਨਸ਼ਿਆਂ ਦੀ ਸਮੱਗਲਿੰਗ ਅਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਣਾ, ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ, ਵਾਹਨ ਐਪ ਰਾਹੀਂ ਵਾਹਨਾਂ ਦੀ ਵੈਰੀਫਿਕੇਸ਼ਨ ਕਰਨਾ ਸੀ।ਨਾਕਾਬੰਦੀ ਅਤੇ ਚੈਕਿੰਗ ਦੌਰਾਨ ਕੁੱਲ ਨਾਕੇ 19 ਲਗਾਏ ਗਏ। ਇਸ ਦੌਰਾਨ 01 ਮੁੱਕਦਮਾ ਦਰਜ ਕੀਤਾ ਗਿਆ ਅਤੇ 01 ਵਿਅਕਤੀ ਨੂੰ 50 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ।