ਪਿੰਡ ਬਹਾਵਵਾਲਾ ਨੇੜੇ ਕੱਲ੍ਹ ਦੇਰ ਰਾਤ ਇੱਕ ਟਰਾਲੇ ਅਤੇ ਪਿਕਅੱਪ ਗੱਡੀ ਵਿੱਚ ਜਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਪਿਕਅੱਪ ਸਵਾਰ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਹੋਰ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੌਰਚਰੀ ’ਚ ਰਖਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਹਾਲੇ ਨਹੀਂ ਹੋ ਸਕੀ।
ਜਾਣਕਾਰੀ ਮੁਤਾਬਕ, ਪਿੰਡ ਰਾਮਸਰਾ ਵਾਸੀ ਕਾਕਾ ਸਿੰਘ, ਪਿੰਡ ਮਿਡਾਸਰ ਵਾਸੀ ਕੁਲਦੀਪ ਸਿੰਘ ਅਤੇ ਇੱਕ ਹੋਰ ਵਿਅਕਤੀ ਕੱਲ੍ਹ ਰਾਤ ਕਰੀਬ 11 ਵਜੇ ਸੀਤੋ ਗੁੰਨੋ ਤੋਂ ਅਬੋਹਰ ਵੱਲ ਆ ਰਹੇ ਸਨ। ਜਦੋਂ ਉਹ ਪਿੰਡ ਬਹਾਵਵਾਲਾ ਨੇੜੇ ਪਹੁੰਚੇ ਤਾਂ ਅਬੋਹਰ ਤੋਂ ਹਨੂਮਾਨਗੜ੍ਹ ਵੱਲ ਜਾ ਰਿਹਾ ਟਰਾਲਾ ਉਨ੍ਹਾਂ ਨਾਲ ਟਕਰਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਪਿਕਅੱਪ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਕਾ ਸਿੰਘ ਤੇ ਕੁਲਦੀਪ ਸਿੰਘ ਇਸ ਹਾਦਸੇ ਵਿੱਚ ਜ਼ਖ਼ਮੀ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਨੂੰ ਸੂਚਿਤ ਕੀਤਾ। ਸਮਿਤੀ ਦੇ ਮੈਂਬਰ ਸੋਨੂ ਗਰੋਵਰ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ। ਥਾਣਾ ਬਹਾਵਵਾਲਾ ਪੁਲੀਸ ਨੇ ਲਾਸ਼ ਮੋਰਚਰੀ ’ਚ ਰਖਵਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਟਰਾਲਾ ਡਰਾਈਵਰ ਟਰਾਲਾ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

