ਕਿਸਾਨ ਆਗੂ ਦੀ ਬਰਸੀ ਮੌਕੇ ਜ਼ਮੀਨਾਂ ਬਚਾਉਣ ਲਈ ਸੰਘਰਸ਼ ਦਾ ਹੋਕਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਹਮੀਦੀ ਵਿਚ ਸ਼ਹੀਦ ਸੁਰਜੀਤ ਸਿੰਘ ਹਮੀਦੀ ਦੀ 14ਵੀਂ ਬਰਸੀ ਗਦਰੀ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਮਨਾਈ ਗਈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੇ ਦੱਸਿਆ ਕਿ 2010 ’ਚ ਅਕਾਲੀ ਸਰਕਾਰ ਮੌਕੇ ਮਾਨਸਾ ਦੇ ਪਿੰਡ ਗੋਬਿੰਦਪੁਰਾ ਵਿੱਚ ਚੱਲੇ ਜ਼ਮੀਨਾਂ ਦੇ ਸੰਘਰਸ਼ ਵਿੱਚ ਕਿਸਾਨ ਸੁਰਜੀਤ ਸਿੰਘ ਸ਼ਹੀਦ ਹੋ ਗਿਆ ਸੀ ਅਤੇ ਅੱਜ ਤੱਕ ਉਸ ਜ਼ਮੀਨ ’ਤੇ ਕੋਈ ਪ੍ਰਾਜੈਕਟ ਨਹੀਂ ਲਾਇਆ ਗਿਆ। ਉਨ੍ਹਾਂ ਕਿਹਾ ਕਿ ਭਾਰਤੀ ਹਾਕਮ, ਚਾਹੇ ਕੇਂਦਰੀ ਹੋਣ ਜਾਂ ਰਾਜੀ, ਪੰਜਾਬ ਦੀਆਂ ਜ਼ਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀ ਸਾਜ਼ਿਸ਼ ਵਿੱਚ ਲੱਗੇ ਹੋਏ ਹਨ। ਪੰਜਾਬ ’ਚ 65000 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕਰ ਕੇ ਕਿਸਾਨਾਂ ਨੂੰ ਬਗ਼ੈਰ ਮੁਆਵਜ਼ੇ ਉਜਾੜਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਕੇਂਦਰ ਸਰਕਾਰ ਦੇ ਸਕੱਤਰ ਵੱਲੋਂ ਸੰਸਾਰ ਬੈਂਕ ਦੇ ਨਿਰਦੇਸ਼ਾਂ ਤਹਿਤ ਲੈਂਡ ਪੂਲਿੰਗ ਨੀਤੀ ਰਾਹੀਂ ਜ਼ਮੀਨ ਇਕੱਠੀ ਕਰਨ ਦੀ ਗੱਲ ਵੀ ਉੱਥੇ ਆਲੋਚਨਾ ਦਾ ਵਿਸ਼ਾ ਬਣੀ।
ਸਮਾਗਮ ਮੌਕੇ ਹਾਜ਼ਰ ਕਿਸਾਨਾਂ ਨੇ ਐਲਾਨ ਕੀਤਾ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਉਸ ਦੀ ਇਜਾਜ਼ਤ ਤੋਂ ਬਿਨਾਂ ਅਕੁਆਇਰ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਉਹ ਹਰ ਕੁਰਬਾਨੀ ਲਈ ਤਿਆਰ ਰਹਿਣਗੇ। ਸਮਾਗਮ ਦੌਰਾਨ ਚੇਤਨ ਕਲਾ ਕੇਂਦਰ ਬਰਨਾਲਾ ਵੱਲੋਂ ‘ਦੇਸ਼ ਨੂੰ ਚੱਲੋ’ ਥੀਮ ’ਤੇ ਕੋਰਿਓਗ੍ਰਾਫੀ ਅਤੇ ਨਾਟਕ ਵਿਖਾਏ ਗਏ। ਇਸ ਮੌਕੇ ਸਮਾਗਮ ਵਿੱਚ ਸ਼ਹੀਦ ਸੁਰਜੀਤ ਸਿੰਘ ਹਮੀਦੀ ਦੇ ਭਰਾ ਮਾਸਟਰ ਹਰਨੇਕ ਸਿੰਘ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਜਥੇਬੰਦੀ ਆਗੂ ਜਰਨੈਲ ਸਿੰਘ ਬਦਰਾ, ਬੁੱਕਣ ਸਿੰਘ ਸੱਦੋਵਾਲ, ਜੱਜ ਸਿੰਘ ਗਹਿਲ, ਰਾਮ ਸਿੰਘ ਸੰਘੇੜਾ, ਕੁਲਜੀਤ ਸਿੰਘ ਵਜੀਦਕੇ, ਕਮਲਜੀਤ ਕੌਰ, ਬਿੰਦਰਪਾਲ ਕੌਰ ਭਦੌੜ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਪਿੰਡ ਵਾਸੀ ਹਾਜ਼ਰ ਸਨ।