ਕਿਸਾਨ ਜਥੇਬੰਦੀਆਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਦੇ ਹੱਕ ’ਚ ਸਟੈਂਡ ਲੈ ਕੇ ਅਧਿਕਾਰੀਆਂ ਦੇ ਕੀਤੇ ਘਿਰਾਓ ਤੋਂ ਬਾਅਦ ਪਿੰਡਾਂ ਵਿੱਚ ਅੱਗ ਲਾਉਣ ਦੀਆਂ ਘਟਨਾਵਾਂ ਵੱਧਣ ਲੱਗੀਆਂ ਹਨ। ਸਰਕਾਰ ਨੇ ਇਨ੍ਹਾਂ ਨੂੰ ਗੰਭੀਰਤਾ ਨਾਲ ਲੈ ਕੇ ਵੱਡੇ ਅਧਿਕਾਰੀਆਂ ਨੂੰ ਖੇਤਾਂ ਵਿੱਚ ਜਾਣ ਦੇ ਆਦੇਸ਼ ਦਿੱਤੇ ਗਏ ਹਨ। ਮਾਲਵਾ ਖੇਤਰ ਦੇ ਮਾਨਸਾ ਸਮੇਤ ਲਗਪਗ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਅੱਜ ਖੇਤਾਂ ਵਿੱਚ ਗਏ ਹਨ। ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ (ਪੀਪੀਸੀਬੀ) ਵੱਲੋਂ ਜਾਰੀ ਇੱਕ ਰਿਪੋਰਟ ਅਨੁਸਾਰ ਮਾਲਵਾ ਖੇਤਰ ਵਿੱਚ ਫਿਰੋਜ਼ਪੁਰ ’ਚ 123, ਪਟਿਆਲਾ ’ਚ 73, ਬਠਿੰਡਾ ਵਿੱਚ 61, ਬਰਨਾਲਾ 28 ਅਤੇ ਮਾਨਸਾ ਵਿੱਚ 11 ਥਾਵਾਂ ’ਤੇ ਅੱਗਾਂ ਲਾਈਆਂ ਗਈਆਂ ਹਨ।
ਉਧਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਕੁਰਕਨਾਂ ਵੱਲੋਂ ਪਿੰਡ ਜਵਾਹਰਕੇ ’ਚ ਪਰਾਲੀ ਸਾੜਨ ਦੇ ਮਸਲੇ ਸਬੰਧੀ ਆਏ ਅਧਿਕਾਰੀਆਂ ਦਾ ਘਿਰਾਓ ਕੀਤਾ ਗਿਆ। ਜਥੇਬੰਦੀ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਅਤੇ ਭਾਨ ਸਿੰਘ ਬਰਨਾਲਾ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਝੋਨਾ ਕੱਢਕੇ ਅਤੇ ਕਰਚੇ ਵੱਢ ਕੇ ਬੇਲਰਾਂ ਵਾਲਿਆਂ ਨੂੰ ਗੱਠਾਂ ਬਣਾਉਣ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਕਿਸਾਨ ਪਿਛਲੇ 10-10 ਦਿਨਾਂ ਤੋਂਖੱਜਲ-ਖੁਆਰ ਹੋ ਰਹੇ ਸਨ, ਜਿਸ ਕਾਰਨ ਰੋਸ ਵਜੋਂ ਪਰਾਲੀ ਨੂੰ ਅੱਗ ਲਾਉਣ ਤੋਂ ਬਾਅਦ ਅਧਿਕਾਰੀ ਤੁਰੰਤ ਪਹੁੰਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਥਾਣਾ ਸਿਟੀ-2 ਮਾਨਸਾ ਦੇ ਮੁਖੀ ਜਸਪ੍ਰੀਤ ਸਿੰਘ ਵੱਲੋਂ ਕਿਸਾਨ ਖਿਲਾਫ਼ ਕਾਰਵਾਈ ਨਾ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਅਧਿਕਾਰੀਆਂ ਦਾ ਘਿਰਾਓ ਛੱਡਿਆ। ਉਨ੍ਹਾਂ ਦੱਸਿਆ ਕਿ ਕਣਕ ਦੀ ਬਿਜਾਈ ਲੇਟ ਹੋਣ ਦੇ ਡਰ ਕਿਸਾਨਾਂ ਵੱਲੋਂ ਅੱਜ ਮਜ਼ਬੂਰੀ ਵੱਸ ਪਰਾਲੀ ਨੂੰ ਅੱਗ ਲਾਉਣੀ ਪੈ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਕਿਸਾਨ ਖਿਲਾਫ਼ ਕੋਈ ਅਧਿਕਾਰੀ ਖੇਤਾਂ ’ਚ ਕਾਰਵਾਈ ਲਈ ਆਉਂਦਾ ਹੈ ਤਾਂ ਉਸਦਾ ਘਿਰਾਓ ਕੀਤਾ ਜਾਵੇਗਾ।

