ਨੰਬਰਦਾਰ ਨੇ ਖੇਡਾਂ ’ਚ ਕਾਂਸੀ ਦਾ ਤਗ਼ਮਾ ਜਿੱਤਿਆ
ਪਿੰਡ ਕੋਟਸ਼ਮੀਰ ਦੇ 63 ਸਾਲਾ ਨੰਬਰਦਾਰ ਬਲਵਿੰਦਰ ਸਿੰਘ ਨੇ ਇੰਟਰਨੈਸ਼ਨਲ ਖੇਡਾਂ ਵਿੱਚ ਮੈਡਲ ਲੈਣ ਦਾ ਆਪਣਾ ਸੁਪਨਾ ਪੂਰਾ ਕਰ ਲਿਆ ਹੈ। ਲੰਘੀ 12 ਅਤੇ 13 ਜੁਲਾਈ ਨੂੰ ‘ਸਿੰਗਾਪੁਰ ਮਾਸਟਰ ਅਥਲੈਟਿਕਸ ਐਸੋਸੀਏਸ਼ਨ’ ਵੱਲੋਂ ਸਿੰਗਾਪੁਰ ਵਿੱਚ ਇੰਟਰਨੈਸ਼ਨਲ ਮੀਟ ਕਰਵਾਈ ਗਈ, ਜਿਸ ਵਿੱਚ ਤਕਰੀਬਨ 15 ਦੇਸ਼ਾਂ ਦੇ ਸੈਂਕੜੇ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਵਿੱਚ ਨੰਬਰਦਾਰ ਨੇ 800 ਮੀਟਰ ਦੌੜ ਲਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਜ਼ਿਕਰਯੋਗ ਹੈ ਕਿ ਇਨ੍ਹਾਂ ਖੇਡਾਂ ਵਿੱਚ ਹਰ ਦੇਸ਼ ਵਿੱਚੋਂ ਚੋਟੀ ਦੇ ਖਿਡਾਰੀ ਭਾਗ ਲੈਂਦੇ ਹਨ। ਮੈਡਲ ਪ੍ਰਾਪਤ ਕਰਨ ਤੋਂ ਬਾਅਦ ਨੰਬਰਦਾਰ ਨੇ ਦੱਸਿਆ ਕਿ ‘ਮੇਰੇ ਹੌਸਲੇ ਹੋਰ ਵੀ ਬੁਲੰਦ ਹੋ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਮੈਂ ਵਰਲਡ ਗੇਮਾਂ ਵਿੱਚ ਭਾਗ ਲੈਣ ਲਈ ਆਪਣੀ ਤਿਆਰੀ ਸ਼ੁਰੂ ਕਰਾਂਗਾ’। ਬੁਲੰਦ ਹੌਸਲੇ ਦਾ ਮਾਲਕ ਇਹ ਕੋਟਸ਼ਮੀਰ ਦਾ ਗੱਭਰੂ ਪਿਛਲੇ ਸਮੇਂ ਵਿੱਚ ਮਲੇਸ਼ੀਆ, ਫ਼ਿਨਲੈਂਡ ਆਦਿ ਕਈ ਦੇਸ਼ਾਂ ਦੀਆਂ ਮਾਸਟਰ ਗੇਮਾਂ ਵਿੱਚ ਭਾਗ ਲੈ ਕੇ ਆਪਣੇ ਦੇਸ਼ ਲਈ ਤਗ਼ਮੇ ਜਿੱਤ ਚੁੱਕਾ ਹੈ। ਪਿੰਡ ਪਹੁੰਚਣ ’ਤੇ ਪਿੰਡ ਵਾਸੀਆਂ ਵੱਲੋਂ ਨੰਬਰਦਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। -ਨਿੱਜੀ ਪੱਤਰ ਪ੍ਰੇਰਕ