ਫਿਰੋਜ਼ਪੁਰ-ਨਵੀਂ ਦਿੱਲੀ ਵਿਚਾਲੇ ਨਵੀਂ ਰੇਲਗੱਡੀ ਸ਼ੁਰੂ
ਫਿਰੋਜ਼ਪੁਰ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ: ਰਾਣਾ ਸੋਢੀ
ਭਾਰਤੀ ਜਨਤਾ ਪਾਰਟੀ ਕੇਂਦਰੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਦੀਆਂ ਕੋਸ਼ਿਸ਼ਾਂ ਸਦਕਾ ਨਵੀਂ ਦਿੱਲੀ ਤੋਂ ਮੋਗਾ ਤੱਕ ਹਫ਼ਤੇ ਵਿਚ ਦੋ ਵਾਰ ਚੱਲਣ ਵਾਲੀ ਇੰਟਰਸਿਟੀ ਐਕਸਪ੍ਰੈੱਸ ਨੂੰ ਰੇਲ ਵਿਭਾਗ ਨੇ ਸੋਮਵਾਰ ਤੋਂ ਫਿਰੋਜ਼ਪੁਰ ਤੱਕ ਵਿਸਤਾਰਤ ਕਰ ਦਿੱਤਾ ਹੈ। ਰੇਲਗੱਡੀ ਨੂੰ ਫਿਰੋਜ਼ਪੁਰ ਤੋਂ ਰਵਾਨਾ ਕਰਨ ਮੌਕੇ ਰਾਣਾ ਸੋਢੀ ਨੇ ਕਿਹਾ ਕਿ ਕੇਂਦਰੀ ਰੇਲ ਮੰਤਰੀ ਅਤੇ ਕੇਂਦਰੀ ਰੇਲ ਰਾਜ ਮੰਤਰੀ ਦੇ ਨਾਲ ਮਿਲਕੇ ਉਹ ਫਿਰੋਜ਼ਪੁਰ ਨੂੰ ਸਾਰੇ ਦੇਸ਼ ਦੇ ਧਾਰਮਿਕ ਅਤੇ ਪ੍ਰਮੁੱਖ ਸ਼ਹਿਰਾਂ ਦੇ ਨਾਲ ਸਿੱਧੀ ਰੇਲ ਸੇਵਾ ਨਾਲ ਜੋੜਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਇਨ੍ਹਾਂ ਕੋਸ਼ਿਸ਼ਾਂ ਦੇ ਸਦਕਾ ਹੁਣ ਤੱਕ ਫਿਰੋਜ਼ਪੁਰ ਤੋਂ ਸ੍ਰੀ ਹਜ਼ੂਰ ਸਾਹਿਬ, ਹਰਿਦੁਆਰ ਦੇ ਲਈ ਹਫਤਾਵਾਰੀ ਰੇਲਗੱਡੀਆਂ, ਫਿਰੋਜ਼ਪੁਰ ਤੋਂ ਦਿੱਲੀ ਤੱਕ ਵੰਦੇ ਭਾਰਤ ਸੁਪਰਫਾਸਟ ਐਕਸਪ੍ਰੈੱਸ ਸ਼ੁਰੂ ਕਰਵਾਈਆਂ ਜਾ ਚੁੱਕੀਆਂ ਹਨ। ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਨਵੀਂ ਦਿੱਲੀ ਤੋਂ ਮੋਗਾ ਤੱਕ ਚੱਲਣ ਵਾਲੀ ਇੰਟਰਸਿਟੀ ਐਕਸਪ੍ਰੈਸ ਨੂੰ ਵਿਸਤਾਰਤ ਕਰਵਾ ਕੇ ਫਿਰੋਜ਼ਪੁਰ ਤੱਕ ਕਰਵਾ ਦਿੱਤਾ ਗਿਆ ਹੈ ਜੋ ਹਰ ਸੋਮਵਾਰ ਅਤੇ ਸ਼ੁੱਕਰਵਾਰ ਬਾਅਦ ਦੁਪਹਿਰ 3.30 ਵਜੇ ਫਿਰੋਜ਼ਪੁਰ ਤੋਂ ਰਵਾਨਾ ਹੋਇਆ ਕਰੇਗੀ। ਇਸ ਤੋਂ ਇਲਾਵਾ ਰੇਲ ਵਿਭਾਗ ਵੱਲੋਂ ਮਾਝਾ-ਮਾਲਵਾ ਨੂੰ ਜੋੜਨ ਦੇ ਲਈ ਮੱਲਾਂਵਾਲਾ-ਪੱਟੀ ਵਿਚਾਲੇ ਰੇਲ ਲਿੰਕ ਮਨਜ਼ੂਰ ਕਰ ਲਿਆ ਹੈ ਅਤੇ ਪੰਜਾਬ ਸਰਕਾਰ ਨੂੰ ਇਸ ਸਬੰਧੀ ਜ਼ਮੀਨ ਐਕੁਆਇਰ ਕਰਨ ਲਈ ਲਿਖਿਆ ਜਾ ਚੁੱਕਾ ਹੈ। ਰਾਣਾ ਸੋਢੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦ ਸਾਡਾ ਇਲਾਕਾ ਜੰਮੂ ਤੋਂ ਮੁੰਬਈ ਤੱਕ ਸਾਰੇ ਦੇਸ਼ ਨੂੰ ਸਪੈਸ਼ਲ ਰੇਲ ਕੋਰੀਡੋਰ ਪ੍ਰਦਾਨ ਕਰੇਗਾ। ਰੇਲਗੱਡੀ ਰਵਾਨਾ ਕਰਨ ਮੌਕੇ ਰੇਲਵੇ ਮੰਡਲ ਦੇ ਅਧਿਕਾਰੀ ਆਦਿ ਮੌਜ਼ੂਦ ਸਨ।

