ਐੱਨ ਡੀ ਸੀ ਫਰਜ਼ੀਵਾੜਾ: 51 ਖਰੀਦਦਾਰਾਂ-ਵਿਕਰੇਤਾਵਾਂ ’ਤੇ ਕੇਸ ਦਰਜ
ਪ੍ਰਾਪਰਟੀ ਟੈਕਸ ਤੇ ਡਿਵੈੱਲਪਮੈਂਟ ਫੀਸ ਤੋਂ ਬਚਣ ਲਈ ਕੀਤੀ ਧੋਖਾਧਡ਼ੀ
ਤਹਿਸੀਲ ਤੇ ਨਗਰ ਪਰਿਸ਼ਦ ਤੰਤਰ ’ਚ ਫੈਲੇ ਭ੍ਰਿਸ਼ਟਾਚਾਰ ਦੇ ਅੜਿੱਕੇ ਚੜ੍ਹੇ ਲੋਕਾਂ ’ਤੇ ਦੀਵਾਲੀ ਤੋਂ ਪਹਿਲਾਂ ‘ਸਰਕਾਰੀ ਗਾਜ਼’ ਡਿੱਗੀ ਹੈ। ਸਰਕਾਰੀ ਪੋਰਟਲਾਂ ਦੀਆਂ ਖਾਮੀਆਂ ਦਾ ਲਾਹਾ ਲੈ ਕੇ ਫਰਜ਼ੀ ਐੱਨ ਡੀ ਸੀ (ਨੋ ਡਿਊਜ਼ ਸਰਟੀਫਿਕੇਟ) ਰਾਹੀਂ ਰਜਿਸਟਰੀ ਸਮੇਂ ਹਜ਼ਾਰਾਂ ਰੁਪਏ ਬਚਾਉਣ ਵਾਲੇ 51 ਲੋਕ ਹੁਣ ਕਾਨੂੰਨੀ ਘੇਰੇ ’ਚ ਆ ਗਏ ਹਨ, ਜਿਨ੍ਹਾਂ ’ਚ ਲਗਪਗ 28 ਔਰਤਾਂ ਵੀ ਸ਼ਾਮਲ ਹਨ। ਸਿਰਸਾ ਜ਼ਿਲ੍ਹਾ ਪ੍ਰਸ਼ਾਸਨ ਦੀ ਜਾਂਚ ਤੋਂ ਬਾਅਦ ਐੱਨ ਡੀ ਸੀ ਫਰਜ਼ੀਵਾੜਾ ਮਾਮਲੇ ਵਿਚ ਵੱਡੀ ਕਾਰਵਾਈ ਹੋਈ ਹੈ। ਡਿਪਟੀ ਕਮਿਸ਼ਨਰ ਸਿਰਸਾ ਦੇ ਨਿਰਦੇਸ਼ਾਂ ’ਤੇ ਤਹਿਸੀਲਦਾਰ ਡੱਬਵਾਲੀ ਦੀ ਸ਼ਿਕਾਇਤ ਆਧਾਰ ’ਤੇ ਸਿਟੀ ਪੁਲਿਸ ਨੇ 51 ਖਰੀਦਦਾਰਾਂ ਤੇ ਵਿਕਰੇਤਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਬੀਐਨਐਸ ਦੀਆਂ ਵੱਖ-ਵੱਖ 318(4), 336(3), 338, 340 ਤੇ ਰਜਿਸਟ੍ਰੇਸ਼ਨ ਐਕਟ 1908 ਦੀ ਧਾਰਾ 82 ਅਧੀਨ ਕਾਰਵਾਈ ਹੋਈ ਹੈ। ਇਹ ਫਰਜ਼ੀਵਾੜਾ ਸ਼ਹਿਰ ਦੇ ਵਾਰਡ 6-7 ਦੀਆਂ 24 ਰਜਿਸਟਰੀਆਂ ਨਾਲ ਜੁੜਿਆ ਹੈ। 24 ਰਜਿਸਟਰੀਆਂ ਦੇ ਐੱਨਡੀਸੀ ਫਰਜ਼ੀਵਾੜੇ ’ਚ ਐਫਆਈਆਰ ਤੋਂ ਇਲਾਵਾ ਖੇਤੀਬਾੜੀ/ ਬਾਗਬਾਨੀ ਸ਼੍ਰੇਣੀ ’ਚ ਦਰਜ ਹੋਈਆਂ 25 ਹੋਰ ਕਥਿਤ ਸ਼ਹਿਰੀ ਵਸੀਕਾ ਰਜਿਸਟਰੀਆਂ ਦੀ ਅਸਲ ‘ਪਿਕਚਰ’ ਹਾਲੇ ਬਾਕੀ ਹੈ। ਜ਼ਿਕਰਯੋਗ ਹੈ ਕਿ ਗੈਰਕਾਨੂੰਨੀ ਰਕਬਿਆਂ ਦੇ ਐੱਨ ਡੀ ਸੀ ਅਪਡੇਟ ਮਾਮਲੇ ਵਿਚ ਨਗਰ ਪ੍ਰੀਸ਼ਦ ਡੱਬਵਾਲੀ ਦਾ ਕਲਰਕ ਸਰਵਨ ਕੁਮਾਰ ਪਹਿਲਾਂ ਹੀ ਮੁਅਤਲ ਕੀਤਾ ਜਾ ਚੁੱਕਾ ਹੈ।
ਡੱਬਵਾਲੀ ਸਿਟੀ ਥਾਣਾ ਦੇ ਮੁਖੀ ਅਨਿਲ ਕੁਮਾਰ ਨੇ ਤਹਿਸੀਲਦਾਰ ਡੱਬਵਾਲੀ ਦੀ ਸ਼ਿਕਾਇਤ ‘ਤੇ ਫਰਜ਼ੀ ਐਨਡੀਸੀ ਮਾਮਲੇ ਵਿਚ 51 ਖਰੀਦਦਾਰਾਂ ਤੇ ਵਿਕਰੇਤਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।