ਭਦੌੜ ’ਚ ਲੜਕੀਆਂ ਦਾ ਨੈਸ਼ਨਲ ਕਬੱਡੀ ਟੂਰਨਾਮੈਂਟ ਕਰਵਾਇਆ
ਇੱਥੇ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਕੁੜੀਆਂ ਦਾ ਨੈਸ਼ਨਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚੋਂ ਚੋਟੀ ਦੀਆਂ 11 ਟੀਮਾਂ ਨੇ ਸ਼ਿਰਕਤ ਕੀਤੀ। ਇਸ ਟੂਰਨਾਮੈਂਟ ਵਿੱਚ ਲਗਪਗ 440 ਖਿਡਾਰੀਆਂ, ਕੋਚਾਂ ਅਤੇ ਮੈਨੇਜਰਾਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਦਾ ਉਦਘਾਟਨ ਮਨਪ੍ਰੀਤ ਕੌਰ (ਇੰਸਪੈਕਟਰ ਪੰਜਾਬ ਪੁਲੀਸ) ਨੇ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਡਾ. ਦਰਸ਼ਨ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਐੱਮਡੀ ਰਿਚਾ ਪਨੇਸਰ ਗਿੱਲ ਅਤੇ ਪ੍ਰਿੰਸੀਪਲ ਪਵਨ ਕੁਮਾਰ ਠਾਕੁਰ ਹਾਜ਼ਰ ਸਨ।
ਟੂਰਨਾਮੈਂਟ ਦੇ ਦੂਸਰੇ ਦਿਨ ਡੀਐੱਸਪੀ ਤਪਾ ਗੁਰਵਿੰਦਰ ਸਿੰਘ ਅਤੇ ਐੱਸਐੱਚਓ ਭਦੌੜ ਗੁਰਵਿੰਦਰ ਸਿੰਘ ਨੇ ਸ਼ਿਰਕਤ ਕੀਤੀ। ਇਸ ਟੂਰਨਾਮੈਂਟ ਵਿੱਚ ਉੱਤਰ ਪ੍ਰਦੇਸ਼, ਨੌਰਥ ਇੰਡੀਆ (ਪੰਜਾਬ, ਹਿਮਾਚਲ, ਹਰਿਆਣਾ, ਦਿੱਲੀ ਐੱਨਸੀਆਰ, ਜੰਮੂ ਕਸ਼ਮੀਰ) ਉੜੀਸਾ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ, ਬਿਹਾਰ ਤੇ ਝਾਰਖੰਡ, ਤਾਮਿਲਨਾਡੂ ਤੇ ਪੁੱਡੂਚੇਰੀ ਤੇ ਅੰਡੇਮਾਨ ਨਿਕੋਬਾਰ, ਮਹਾਂਰਾਸ਼ਟਰ, ਉੱਤਰਾਖੰਡ, ਕੇਰਲਾ, ਕਰਨਾਟਕ ਤੇ ਗੋਆ ਅਤੇ ਪੱਛਮੀ ਬੰਗਾਲ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਦੌਰਾਨ ਅੰਡਰ-14 ਵਰਗ ਵਿੱਚ ਪਹਿਲਾ ਸਥਾਨ ਮਹਾਰਾਸ਼ਟਰ, ਦੂਜਾ ਸਥਾਨ ਕਰਨਾਟਕ ਤੇ ਗੋਆ ਅਤੇ ਤੀਸਰਾ ਸਥਾਨ ਉੱਤਰ ਪ੍ਰਦੇਸ਼ ਨੇ ਪ੍ਰਾਪਤ ਕੀਤਾ। ਅੰਡਰ-17 ਵਰਗ ਵਿੱਚ ਪਹਿਲਾ ਸਥਾਨ ਉੱਤਰ ਪ੍ਰਦੇਸ਼, ਦੂਸਰਾ ਸਥਾਨ ਕਰਨਾਟਕ ਤੇ ਗੋਆ ਅਤੇ ਤੀਸਰਾ ਸਥਾਨ ਮਹਾਰਾਸ਼ਟਰ ਨੇ ਪ੍ਰਾਪਤ ਕੀਤਾ। ਅੰਡਰ-19 ਵਰਗ ਵਿੱਚ ਪਹਿਲਾ ਸਥਾਨ ਕਰਨਾਟਕ ਤੇ ਗੋਆ, ਦੂਸਰਾ ਸਥਾਨ ਨੌਰਥ ਇੰਡੀਆ ਅਤੇ ਤੀਸਰਾ ਸਥਾਨ ਮਹਾਰਾਸ਼ਟਰ ਨੇ ਪ੍ਰਾਪਤ ਕੀਤਾ। ਅੰਤ ਵਿੱਚ ਚੇਅਰਮੈਨ ਡਾ. ਦਰਸ਼ਨ ਸਿੰਘ ਗਿੱਲ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਗਿੱਲ, ਐੱਮਡੀ ਰਿਚਾ ਪਨੇਸਰ ਗਿੱਲ ਅਤੇ ਪ੍ਰਿੰਸੀਪਲ ਪੀਕੇ ਠਾਕੁਰ ਨੇ ਮੁੱਖ ਮਹਿਮਾਨ ਤੇ ਹੋਰਨਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਜੇਤੂ ਟੀਮਾਂ ਨੂੰ ਦਾ ਸਨਮਾਨ ਕੀਤਾ ਗਿਆ।