ਨਰਿੰਦਰਦੀਪ ਸਿੰਘ ਦੀ ਮੌਤ ਦਾ ਮਾਮਲਾ ਭਖ਼ਿਆ
ਜੋਗਿੰਦਰ ਸਿੰਘ ਮਾਨ
ਮਾਨਸਾ, 1 ਜੂਨ
ਸੀਪੀਆਈ (ਐੱਮ.ਐੱਲ) ਲਿਬਰੇਸ਼ਨ ਅਤੇ ਲੋਕ ਰਾਜ ਪੰਜਾਬ ਨੇ ਗੋਨਿਆਣਾ ਦੇ ਇਕ ਨੌਜਵਾਨ ਪ੍ਰਾਈਵੇਟ ਟੀਚਰ ਨਰਿੰਦਰ ਦੀਪ ਸਿੰਘ ਨੂੰ ਸੀਆਈਏ ਬਠਿੰਡਾ ਵਲੋਂ ਅਣਮਨੁੱਖੀ ਤਸੀਹੇ ਦੇਕੇ ਮਾਰਨ ਦੀ ਸਖ਼ਤ ਨਿੰਦਾ ਕਰਦਿਆਂ ਉਸ ਦੇ ਪਰਿਵਾਰ ਨੂੰ ਇਨਸਾਫ ਅਤੇ ਕਸੂਰਵਾਰ ਪੁਲੀਸ ਅਧਿਕਾਰੀਆਂ ਨੂੰ ਸਜ਼ਾ ਦਿਵਾਉਣ ਲਈ ਚੱਲ ਰਹੇ ਜਨਤਕ ਸੰਘਰਸ਼ ਲਈ ਡੱਟਵਾਂ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਲਿਬਰੇਸ਼ਨ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਅਤੇ ਪੰਜਾਬ ਲੋਕ ਰਾਜ ਦੇ ਪ੍ਰਧਾਨ ਡਾ. ਮਨਜੀਤ ਸਿੰਘ ਰੰਧਾਵਾਂ ਨੇ ਵੱਖ-ਵੱਖ ਬਿਆਨਾਂ ਵਿੱਚ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪੁਲੀਸ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ ਕਿ ਉਹ ਝੂਠੇ ਪੁਲੀਸ ਮੁਕਾਬਲਿਆਂ ਰਾਹੀਂ ਜਾਂ ਤਸ਼ੱਦਦ ਕਰਕੇ ਨੌਜਵਾਨਾਂ ਨੂੰ ਖ਼ਤਮ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸੇ ਸਿਲਸਿਲੇ ਵਿੱਚ ਸੀਆਈਏ ਸਟਾਫ਼ ਬਠਿੰਡਾ ਨੇ 23 ਮਈ ਨੂੰ ਨਰਿੰਦਰ ਦੀਪ ਸਿੰਘ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ, ਪਰ ਐਨੇ ਦਿਨ ਬਾਅਦ ਵੀ ਪਰਿਵਾਰ ਅਤੇ ਆਮ ਲੋਕ ਇਹ ਜਾਨਣਾ ਚਾਹੁੰਦੇ ਨੇ ਕਿ ਆਖਰ ਨਰਿੰਦਰ ਦਾ ਗੁਨਾਹ ਕੀ ਸੀ? ਦੋ ਦਿਨ ਗੋਨਿਆਣਾ ਦੇ ਬਿਲਕੁਲ ਕਰੀਬ ਬਠਿੰਡਾ ਵਿੱਚ ਗੁਜ਼ਾਰਨ ਦੇ ਬਾਵਜੂਦ ਉਨ੍ਹਾਂ ਨੇ ਪੁਲੀਸ ਵਲੋਂ ਮਾਰ ਦਿੱਤੇ ਗਏ ਨੌਜਵਾਨ ਦੇ ਦੁਖੀ ਤੇ ਪੀੜਤ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਨ ਲਈ ਵੀ ਪੰਜ ਮਿੰਟ ਨਹੀਂ ਕੱਢੇ। ਉਨ੍ਹਾਂ ਮੰਗ ਕੀਤੀ ਕਿ ਇਸ ਕੇਸ ਦੀ ਐੱਫ਼ਆਈਆਰ ਵਿੱਚ ਜੋ ਗੈਰ-ਇਰਾਦਤਨ ਕਤਲ ਦੀ ਧਾਰਾ ਲਾਈ ਹੈ, ਉਸ ਦੀ ਬਜਾਏ ਸਿੱਧੀ ਕਤਲ ਦੀ ਧਾਰਾ ਲਾਈ ਜਾਵੇ ਅਤੇ ਇਸ ਦੀ ਜਾਂਚ ਹਾਈਕੋਰਟ ਦੇ ਜੱਜ ਜਾਂ ਸੀਬੀਆਈ ਦੇ ਹਵਾਲੇ ਕੀਤੀ ਜਾਵੇ। ਉਨ੍ਹਾਂ ਨੇ ਇਸ ਕਤਲ ਕਾਂਡ ਸਬੰਧੀ ਬਣੀ ਐਕਸ਼ਨ ਕਮੇਟੀ ਵੱਲੋਂ ਇਨਸਾਫ਼ ਲੈਣ ਲਈ 5 ਜੂਨ ਨੂੰ ਐੱਸਐੱਸਪੀ ਬਠਿੰਡਾ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦੇ ਸੱਦੇ ਨੂੰ ਪੂਰਨ ਹਮਾਇਤ ਦੇਣ ਦਾ ਵੀ ਐਲਾਨ ਕੀਤਾ ਹੈ।