ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਅੱਜ ਸਵੇਰੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ, ਜਦੋਂ ਪਿੰਡ ਪ੍ਰਭਾਤ ਸਿੰਘ ਵਾਲਾ ਤੋਂ ਲੜ ਕੇ ਆਈਆਂ ਦੋ ਧਿਰਾਂ ਦਰਮਿਆਨ ਮੁੜ ਝੜਪ ਹੋ ਗਈ। ਉਨ੍ਹਾਂ ਇੱਕ-ਦੂਜੇ ’ਤੇ ਹਮਲਾ ਕਰ ਦਿੱਤਾ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਇਲਾਕੇ ਵਿੱਚ ਡਰ ਦਾ ਮਾਹੌਲ ਹੈ।
ਡੀਐੱਸਪੀ ਜਲਾਲਾਬਾਦ ਨੇ ਦੱਸਿਆ ਕਿ ਪਿੰਡ ਪ੍ਰਭਾਤ ਸਿੰਘ ਵਾਲਾ ਦੀਆਂ ਦੋ ਧਿਰਾਂ ਦਰਮਿਆਨ ਰਸਤੇ ਨੂੰ ਲੈ ਕੇ ਰੌਲਾ ਚੱਲ ਰਿਹਾ ਹੈ। ਇਸ ਕਾਰਨ ਅੱਜ ਇਨ੍ਹਾਂ ਦੋਵਾਂ ਧਿਰਾਂ ਦਾ ਪਹਿਲਾਂ ਪਿੰਡ ਵਿੱਚ ਝਗੜਾ ਹੋ ਗਿਆ। ਇਸ ਮਗਰੋਂ ਦੋਵੇਂ ਧਿਰਾਂ ਸਰਕਾਰੀ ਹਸਪਤਾਲ ਜਲਾਲਾਬਾਦ ਵਿੱਚ ਦਾਖ਼ਲ ਹੋਣ ਲਈ ਪਹੁੰਚ ਗਈਆਂ। ਇਸ ਦੌਰਾਨ ਉਨ੍ਹਾਂ ਦੀ ਮੁੜ ਝੜਪ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਝੜਪ ਵਿੱਚ ਜ਼ਖਮੀ ਹੋਏ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਸੰਪਤੀ ਦਾ ਜੋ ਨੁਕਸਾਨ ਹੋਇਆ ਹੈ, ਉਸ ਸਬੰਧੀ ਕਾਰਵਾਈ ਹਸਪਤਾਲ ਦੇ ਐੱਸ ਐੱਮ ਓ ਵੱਲੋਂ ਭੇਜੀ ਗਈ ਰਿਪੋਰਟ ਦੇ ਮੁਤਾਬਕ ਕੀਤੀ ਜਾਵੇਗੀ।