ਨਾਇਬ ਸੈਣੀ ਨੇ ਮੈਰਾਥਨ ’ਚ ਸ਼ਾਮਲ ਕੇ ਨੌਜਵਾਨਾਂ ਦਾ ਹੌਸਲਾ ਵਧਾਇਆ
‘ਹਰਿਆਣਾ ਉਦੈ’ ਪ੍ਰੋਗਰਾਮ ਅਧੀਨ ਅੱਜ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇੱਥੇ ਨਵੀਂ ਅਨਾਜ ਮੰਡੀ ਤੋਂ ਯੂਥ ਮੈਰਾਥਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਖੁਦ ਵੀ ਦੌੜ ਲਾ ਕੇ ਨੌਜਵਾਨਾਂ ਦਾ ਹੌਂਸਲਾ ਵਧਾਇਆ। ਉਨ੍ਹਾਂ ਆਖਿਆ ਕਿ ਕਿਹਾ ਕਿ ਨਸ਼ਾ ਸਮਾਜ ਨੂੰ ਖੋਖਲਾ ਕਰ ਰਿਹਾ ਹੈ। ਸਰਕਾਰ ਨੇ ਨਸ਼ਾ ਮੁਕਤੀ ਮੁਹਿੰਮ ਨੂੰ ਲੋਕ ਅੰਦੋਲਨ ਬਣਾਇਆ ਹੈ ਜਿਸ ਤਹਿਤ 3350 ਪਿੰਡ ਤੇ ਸ਼ਹਿਰਾਂ ਦੇ 876 ਵਾਰਡ ‘ਨਸ਼ਾ ਮੁਕਤ’ ਐਲਾਨੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਮੌਜੂਦ ਭੀੜ ਨੂੰ ‘ਨਸ਼ਾ ਮੁਕਤ ਹਰਿਆਣਾ’ ਦੀ ਸਹੁੰ ਵੀ ਚੁਕਾਈ।
ਮੈਰਾਥਨ ਵਿੱਚ ਸਕੂਲੀ ਬੱਚਿਆਂ, ਅਧਿਆਪਕਾਂ, ਸਰਕਾਰੀ ਮੁਲਜਮਾਂ ਅਤੇ ਗਰਾਮ ਪੰਚਾਇਤ ਦੀ ਵੱਡੀ ਭਾਗੇਦਾਰੀ ਰਹੀ। ਹਾਲਾਂਕਿ 65 ਹਜ਼ਾਰ ਰਜਿਸਟ੍ਰੇਸਨ ਦੇ ਬਾਵਜੂਦ ਹਾਜ਼ਰੀ ਅੱਧ ਤੋਂ ਘੱਟ ਰਹੀ। ਦੌੜ ਰੂਟ ’ਤੇ ਦੌੜਾਕਾਂ ਵਿਚਕਾਰ ਵਾਹਨ ਵੀ ਦੌੜਦੇ ਰਹੇ ਅਤੇ ਮੁੱਖ ਮੰਤਰੀ ਦਾ ਕਾਫਲਾ ਵੀ ਉਸੇ ਰੂਟ ਤੋਂ ਲੰਘਿਆ। ਰੂਟ ਸੀਲ ਨਾ ਕਰਨ ਕਾਰਨ ਦੌੜਾਕਾਂ ਦੀ ਸੁਰੱਖਿਆ ਨੂੰ ਖਤਰਾ ਰਿਹਾ। ਅੰਤ ਵਿੱਚ ਮੁੱਖ ਮੰਤਰੀ ਨੇ ਜੇਤੂ ਖਿਡਾਰੀਆਂ ਨੂੰ ਮੈਡਲ, ਸਰਟੀਫਿਕੇਟ ਅਤੇ ਨਗਦ ਚੈਕ ਸੌਂਪ ਕੇ ਸਨਮਾਨਿਤ ਕੀਤਾ।
ਹਾਫ ਮੈਰਾਥਨ (ਪੁਰਸ਼) ’ਚ ਕ੍ਰਮਵਾਰ ਮੋਹਿਤ, ਜਸਵੰਤ ਅਤੇ ਰਾਮਸਵਰੂਪ ਜੇਤੂ ਰਹੇ। ਹਾਫ ਮੈਰਾਥਨ (ਮਹਿਲਾ) ’ਚ ਤਾਮਸੀ ਸਿੰਘ, ਜਸਪ੍ਰੀਤ ਅਤੇ ਰਾਜਵਿੰਦਰ ਜੇਤੂ ਰਹੇ। 10 ਕਿਲੋਮੀਟਰ (ਪੁਰਸ) ’ਚ ਮੋਹਣ, ਬਿੱਟੂ ਅਤੇ ਸੰਦੀਪ ਤੀਜੇ ਸਥਾਨ ’ਤੇ ਰਹੇ। 10 ਕਿਲੋਮੀਟਰ (ਮਹਿਲਾ) ’ਚ ਕ੍ਰਮਵਾਰ ਨੀਤਾ ਰਾਣੀ, ਅਨੀਤਾ ਅਤੇ ਸਵਿਤਾ ਜੇਤੂ ਰਹੇ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੱਲ੍ਹ ਦੇਰ ਸ਼ਾਮ ਸਿਰਸਾ ਵਿੱਚ ਜ਼ਿਲ੍ਹਾ ਅਧਿਕਾਰੀਆਂ ਨਾਲ ਵਿਕਾਸ ਕਾਰਜਾਂ ਨੂੰ ਲੈ ਕੇ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਰੁਕਾਵਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮੁੱਖ ਮੰਤਰੀ ਦਾ ਵਿਰੋਧ ਕਰਨ ਜਾਂਦੇ ਕਿਸਾਨ ਪੁਲੀਸ ਨੇ ਰੋਕੇ
ਏਲਨਾਬਾਦ (ਜਗਤਾਰ ਸਮਾਲਸਰ): ਹਲਕੇ ਦੀਆਂ ਫਲੱਡੀ ਨਹਿਰਾਂ ਦੀਆਂ ਟੇਲਾਂ ’ਤੇ ਪਾਣੀ ਨਾ ਮਿਲਣ ਦੇ ਰੋਸ਼ ਵਜੋਂ ਪਿਛਲੇ 15 ਦਿਨਾਂ ਤੋਂ ਆਪਣੀਆਂ ਮੰਗਾਂ ਦੇ ਹੱਲ ਲਈ ਧਰਨੇ ’ਤੇ ਬੈਠੇ ਕਿਸਾਨ ਅੱਜ ਸਵੇਰੇ 4 ਵਜੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਕਾਲੇ ਝੰਡੇ ਦਿਖਾਉਣ ਲਈ ਏਲਨਾਬਾਦ ਦੇ ਸ਼ਹੀਦ ਊਧਮ ਸਿੰਘ ਚੌਕ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਇਹ ਸਾਰੇ ਕਿਸਾਨ ਡੱਬਵਾਲੀ ਵਿੱਚ ਯੂਥ ਮੈਰਾਥਨ ਪ੍ਰੋਗਰਾਮ ਵਿੱਚ ਪਹੁੰਚੇ ਮੁੱਖ ਮੰਤਰੀ ਨੂੰ ਕਾਲੇ ਝੰਡੇ ਵਿਖਾਉਣ ਲਈ ਰਵਾਨਾ ਹੋ ਹੀ ਰਹੇ ਸਨ ਕਿ ਇਸ ਦੌਰਾਨ ਸੂਚਨਾ ਮਿਲਣ 'ਤੇ ਪੁਲੀਸ ਨੇ ਉਨ੍ਹਾਂ ਨੂੰ ਸ਼ਹੀਦ ਊਧਮ ਸਿੰਘ ਚੌਕ ਵਿੱਚ ਹੀ ਰੋਕ ਲਿਆ। ਜਦੋਂ ਏਲਨਾਬਾਦ ਦੇ ਭਾਜਪਾ ਆਗੂ ਅਮੀਰ ਚੰਦ ਮਹਿਤਾ ਨੂੰ ਇਹ ਜਾਣਕਾਰੀ ਮਿਲੀ ਤਾਂ ਉਹ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਕਿਸਾਨਾਂ ਨੂੰ ਵਿਰੋਧ ਨਾ ਕਰਨ ਦਾ ਭਰੋਸਾ ਦਿੱਤਾ। ਅਮੀਰ ਚੰਦ ਮਹਿਤਾ ਨੇ ਕਿਹਾ ਕਿ ਉਹ ਟੇਲਾ ਤੱਕ ਪਾਣੀ ਪਹੁੰਚਣ ਦੀ ਮੰਗ ਮੁੱਖ ਮੰਤਰੀ ਦੇ ਸਾਹਮਣੇ ਰੱਖਣਗੇ ਅਤੇ ਸਮੱਸਿਆ ਦਾ ਹੱਲ ਕਰਵਾਉਣਗੇ ਜੇਕਰ ਫਿਰ ਵੀ ਟੇਲਾ ਤੱਕ ਪਾਣੀ ਨਾ ਪਹੁੰਚਿਆ ਤਾਂ ਉਹ ਖੁਦ ਵੀ ਕਿਸਾਨਾਂ ਨਾਲ ਧਰਨੇ 'ਤੇ ਬੈਠਣਗੇ।