ਪੰਜਾਬ ਸਰਕਾਰ ਵੱਲੋਂ 23 ਤੋਂ 25 ਨਵੰਬਰ ਤੱਕ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ ਮਨਾਏ ਜਾ ਰਹੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੁੱਢਾ ਦਲ ਨਿਹੰਗ ਸਿੰਘਾਂ ਦੀ ਸਥਾਨਕ ਛਾਉਣੀ ਗੁਰਦੁਆਰਾ ਬੇਰ ਸਾਹਿਬ ਦੇਗਸਰ ਵਿੱਚ ਕੀਰਤਨ ਦਰਬਾਰ ਸਜਾਇਆ ਗਿਆ। ਇਸ ਮੌਕੇ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਰਾਹੀਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਮਹਿਮਾ ਬਿਆਨ ਕੀਤੀ। ਰਾਗੀ ਸਿੰਘਾਂ ਨੇ ਗੁਰਮਤਿ ਵਿਚਾਰਾਂ ਦੀ ਸੰਗਤ ਨਾਲ ਸਾਂਝ ਪਾਉਂਦਿਆਂ ਗੁਰੂ ਤੇਗ ਬਹਾਦਰ ਜੀ ਦੀ ਜੀਵਨ ਗਾਥਾ, ਉਨ੍ਹਾਂ ਦੇ ਆਤਮਿਕ ਉਪਦੇਸ਼ ਅਤੇ ਸ਼ਹੀਦੀ ਦੇ ਇਤਿਹਾਸਕ ਮਹੱਤਵ ਤੋਂ ਜਾਣੂ ਕਰਵਾਇਆ। ਉਨ੍ਹਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਗੁਰੂ ਸਾਹਿਬ ਦਾ ਬਲਿਦਾਨ ਮਨੁੱਖਤਾ ਲਈ ਅਦੁੱਤੀ ਮਿਸਾਲ ਹੈ ਜੋ ਅੱਜ ਵੀ ਸਾਨੂੰ ਸੱਚ, ਹਿੰਮਤ ਅਤੇ ਸਹੀ ਰਸਤੇ ਉੱਤੇ ਤੁਰਨ ਦੀ ਪ੍ਰੇਰਣਾ ਦਿੰਦਾ ਹੈ।
ਅੱਜ ਕਰਵਾਏ ਗਏ ਕੀਰਤਨ ਦਰਬਾਰ ਵਿੱਚ ਡੀ ਸੀ ਬਠਿੰਡਾ ਰਾਜੇਸ਼ ਧੀਮਾਨ, ਐੱਸ ਐੱਸ ਪੀ ਅਮਨੀਤ ਕੌਂਡਲ ਅਤੇ ਹਲਕਾ ਵਿਧਾਇਕਾ ਬਲਜਿੰਦਰ ਕੌਰ ਤੋਂ ਇਲਾਵਾ ਸੰਗਤ ਸ਼ਾਮਲ ਹੋਈ। ਦੂਜੇ ਪਾਸੇ ਭਲਕੇ 20 ਨਵੰਬਰ ਨੂੰ ਸਵੇਰੇੇ ਗੁਰਦੁਆਰਾ ਬੇਰ ਸਾਹਿਬ (ਦੇਗਸਰ) ਤੋਂ ਅਰਦਾਸ ਕਰਨ ਉਪਰੰਤ ਸ੍ਰੀ ਅਨੰਦਪੁਰ ਸਾਹਿਬ ਲਈ ਨਗਰ ਕੀਰਤਨ ਰਵਾਨਾ ਹੋਵੇਗਾ।

