ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਥੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਧਾਰਮਿਕ ਜਥੇਬੰਦੀ ਭਾਈ ਘਨ੍ਹੱਈਆ ਸੇਵਕ ਜਥੇ ਦੀ ਰਹਿਨੁਮਾਈ ਹੇਠ ਸਜਾਏ ਨਗਰ ਕੀਰਤਨ ਨੇ ਅਲੋਕਿਕ ਦ੍ਰਿਸ਼ ਪੇਸ਼ ਕੀਤੇ। ਨਗਰ ਕੀਰਤਨ ਪੰਜ ਪਿਆਰਿਆਂ...
Advertisement
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਥੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਧਾਰਮਿਕ ਜਥੇਬੰਦੀ ਭਾਈ ਘਨ੍ਹੱਈਆ ਸੇਵਕ ਜਥੇ ਦੀ ਰਹਿਨੁਮਾਈ ਹੇਠ ਸਜਾਏ ਨਗਰ ਕੀਰਤਨ ਨੇ ਅਲੋਕਿਕ ਦ੍ਰਿਸ਼ ਪੇਸ਼ ਕੀਤੇ।
ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਤੋਂ ਅਰਦਾਸ ਕਰਨ ਉਪਰੰਤ ਰਵਾਨਾ ਹੋਇਆ। ਸੁੰਦਰ ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ ਅਤੇ ਨਗਰ ਕੀਰਤਨ ’ਤੇ ਡਰੋਨ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਨਗਰ ਕੀਰਤਨ ਦੀ ਆਰੰਭਤਾ ਮੌਕੇ ਪੁਲੀਸ ਪਾਰਟੀ ਵਲੋਂ ਸਲਾਮੀ ਦਿੱਤੀ ਵੀ ਗਈ।
ਇਸ ਮੌਕੇ ਪੂਰੇ ਸ਼ਹਿਰ ਦੀਆਂ ਮੁੱਖ ਥਾਵਾਂ ਤੇ ਨਗਰ ਕੀਰਤਨ ਦੇ ਸਵਾਗਤ ਲਈ ਸਵਾਗਤੀ ਗੇਟ ਬਣਾਏ ਗਏ ਸਨ ਅਤੇ ਸੰਗਤਾਂ ਲਈ ਵੱਖ ਵੱਖ ਪ੍ਰਕਾਰ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਬੈਂਡ ਪਾਰਟੀਆਂ, ਗੱਤਕਾ ਪਾਰਟੀਆਂ ਅਤੇ ਸਕੂਲੀ ਬੱਚੇ ਨਗਰ ਕੀਰਤਨ ਵਿੱਚ ਆਪਣੇ ਜੌਹਰ ਦਿਖਾ ਰਹੇ ਸਨ। ਲੁਧਿਆਣਾ ਤੋਂ ਵਿਸ਼ੇਸ਼ ਤੌਰ ਉੱਤੇ ਪੁੱਜੀਆਂ ਕਲਾ ਕ੍ਰੀਤੀਆਂ ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ, ਭਾਈ ਮਤੀ ਅਤੇ ਸਤੀ ਦਾਸ ਆਦਿ ਸ਼ਾਮਲ ਸਨ ਸੰਗਤਾਂ ਵਿੱਚ ਖਿੱਚ ਕੇਂਦਰ ਬਣੀਆ ਹੋਈਆ ਸਨ।
ਇਸ ਮੌਕੇ ਤੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਸਾਬਕਾ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ੍ਹ, ਪੰਜਾਬ ਸਿਹਤ ਨਿਗਮ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਵੀ ਆਪਣੇ ਸਾਥੀਆਂ ਸਮੇਤ ਸ਼ਰਧਾ ਪੂਰਵਕ ਹਾਜ਼ਰੀ ਭਰੀ। ਭਾਈ ਘਨ੍ਹਈਆ ਸੇਵਕ ਜੱਥੇ ਦੇ ਮੁੱਖ ਸੇਵਾਦਾਰ ਇੰਦਰਪ੍ਰੀਤ ਸਿੰਘ ਬੰਟੀ ਅਤੇ ਸਾਥੀਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨਾਲ ਸਬੰਧਤ ਸਮਾਗਮਾਂ ਦੀ ਚੱਲ ਰਹੀ ਲੜੀ 29 ਨਵੰਬਰ ਤੱਕ ਜਾਰੀ ਰਹੇਗੀ। ਰੋਜ਼ਾਨਾ ਹੀ ਸ਼ਹਿਰ ਦੇ ਵੱਖ ਵੱਖ ਧਾਰਮਿਕ ਅਸਥਾਨਾਂ ਤੇ ਕੀਰਤਨ ਦਰਬਾਰ ਹੋਣਗੇ।
Advertisement
×

