ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ
ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਨੌਵੀਂ ਪਾਤਸ਼ਾਹੀ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਇਸ ਵਿੱਚ ਗਤਕਾ ਪਾਰਟੀਆਂ, ਬੱਚਿਆਂ ਅਤੇ ਕੀਰਤਨ ਜਥੇ ਨੇ ਹਿੱਸਾ ਲਿਆ। ਨਗਰ ਕੀਰਤਨ ਦਾ ਬਾਜ਼ਾਰ ਵਿੱਚ ਥਾਂ-ਥਾਂ ’ਤੇ ਸੰਗਤ ਵੱਲੋਂ ਸਵਾਗਤ ਕੀਤਾ ਗਿਆ।...
ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਨੌਵੀਂ ਪਾਤਸ਼ਾਹੀ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਇਸ ਵਿੱਚ ਗਤਕਾ ਪਾਰਟੀਆਂ, ਬੱਚਿਆਂ ਅਤੇ ਕੀਰਤਨ ਜਥੇ ਨੇ ਹਿੱਸਾ ਲਿਆ। ਨਗਰ ਕੀਰਤਨ ਦਾ ਬਾਜ਼ਾਰ ਵਿੱਚ ਥਾਂ-ਥਾਂ ’ਤੇ ਸੰਗਤ ਵੱਲੋਂ ਸਵਾਗਤ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਕਿ ਵਰਤਮਾਨ ਸਮੇਂ ਦੌਰਾਨ ਸਾਡੇ ਸਮਾਜ ਵਿੱਚ ਨਸ਼ਿਆਂ ਅਤੇ ਅਲਾਮਤਾਂ ਵਧ ਰਹੀਆਂ ਹਨ ਤਾਂ ਸਾਨੂੰ ਰਲ-ਮਿਲ ਗੁਰੂਆਂ ਦੇ ਸਮਾਗਮ ਕਰ ਕੇ ਉਨ੍ਹਾਂ ਦੇ ਦੱਸੇ ਉਪਦੇਸ਼ਾਂ ’ਤੇ ਚੱਲਣ ਦੀ ਲੋੜ ਹੈ।
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਗੁਰੂ ਅਮਰਦਾਸ ਗਿੱਦੜਬਾਹਾ ਦੀ ਪ੍ਰਬੰਧਕੀ ਕਮੇਟੀ ਨੇ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ। ਇਹ ਨਗਰ ਕੀਰਤਨ ਗੁਰਦੁਆਰਾ ਗੁਰੂ ਅਮਰਦਾਸ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਗੁਰਦੁਆਰਾ ਸਾਹਿਬ ਵਾਪਸ ਪਰਤਿਆ। ਰਾਗੀ ਜਥਾ ਭਾਈ ਜਸਵਿੰਦਰ ਸਿੰਘ ਅਤੇ ਅਕਾਲ ਅਕੈਡਮੀ ਦੋਲਾ ਦੇ ਬੱਚਿਆਂ ਨੇ ਕੀਰਤਨ ਕੀਤਾ। ਨਗਰ ਕੀਰਤਨ ਦੌਰਾਨ ਜਿੱਥੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਖਾਲਸਾ ਸੇਵਾ ਸੁਸਾਇਟੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ, ਸਕੂਲੀ ਬੈਂਡ ਤੇ ਫ਼ੌਜੀ ਬੈਂਡ ਤੋਂ ਇਲਾਵਾ ਇੰਟਰਨੈਸ਼ਨਲ ਫਤਿਹ ਗਤਕਾ ਗਰੁੱਪ ਨੇ ਜੌਹਰ ਦਿਖਾਏ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਠਾਣਾ ਸਿੰਘ ਅਤੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।
ਅਬੋਹਰ (ਪੰਕਜ ਕੁਮਾਰ): ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹਿਰ ਵਿੱਚ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਨਾਨਕਸਰ ਟੋਭਾ ਪ੍ਰਬੰਧਕ ਕਮੇਟੀ ਵੱਲੋਂ ਸਜਾਏ ਨਗਰ ਕੀਰਤਨ ਦਾ ਸ਼ਹਿਰ ਦੀਆਂ ਵੱਖ-ਵੱਖ ਸਥਾਨਾਂ ’ਤੇ ਸਵਾਗਤ ਕੀਤਾ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਨਾਨਕਸਰ ਟੋਭਾ ਤੋਂ ਸ਼ੁਰੂ ਹੋ ਕੇ ਮਲੋਟ ਚੌਕ, ਥਾਣਾ ਰੋਡ, ਰੇਲਵੇ ਰੋਡ, ਪੁਰਾਣੀ ਫਾਜ਼ਿਲਕਾ ਰੋਡ ਰਾਹੀਂ ਵਾਪਸ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਕੇ ਸੰਪੂਰਨ ਹੋਇਆ। ਨਗਰ ਕੀਰਤਨ ਵਿੱਚ ਸ਼ਹਿਰ ਦੀ ਸੰਗਤ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਸਕੂਲੀ ਬੱਚਿਆਂ ਨੇ ਵੀ ਭਾਗ ਲਿਆ।
ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਇੱਥੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਕਲਗੀਧਰ ਸਿੰਘ ਸਭਾ ਤੋਂ ਹੋਈ। ਇਸ ਦੌਰਾਨ ਵੱਡੀ ਗਿਣਤੀ ਸੰਗਤ ਨਤਮਸਤਕ ਹੋਈ। ਬਾਬਾ ਦੀਪ ਸਿੰਘ ਗਤਕਾ ਟੀਮ ਦੇ ਨੌਜਵਾਨਾਂ ਨੇ ਜੌਹਰ ਦਿਖਾਏ। ਸੰਗਤ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਗਏ। ਇਸ ਦੌਰਾਨ ਹਰਿਆਣਾ ਸਿੱਖ ਪ੍ਰਬੰਧਕ ਕਮੇਟੀ (ਵਾਰਡ ਪਿਪਲੀ) ਤੋਂ ਐਗਜ਼ੈਗਟਿਵ ਕਮੇਟੀ ਮੈਂਬਰ ਜਗਤਾਰ ਸਿੰਘ ਮਾਨ, ਹਰਿਆਣਾ ਸਿੱਖ ਪ੍ਰਬੰਧਕ ਕਮੇਟੀ (ਵਾਰਡ ਡੱਬਵਾਲੀ) ਦੇ ਮੈਂਬਰ ਕੁਲਦੀਪ ਸਿੰਘ ਜੋਗੇਵਾਲਾ, ਗ੍ਰੰਥੀ ਸੁਖਬੀਰ ਸਿੰਘ ਜੋਗੇਵਾਲਾ, ਮੈਨੇਜਰ ਹਰਪਾਲ ਸਿੰਘ, ਹਰਜੀਤ ਸਿੰਘ ਕੰਡਾ ਆਦਿ ਮੌਜੂਦ ਸਨ।
ਕਾਲਜ ਨੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾਇਆ
ਬਰਨਾਲਾ (ਰਵਿੰਦਰ ਰਵੀ): ਐੱਸ ਡੀ ਕਾਲਜ ਆਫ ਐਜੂਕੇਸ਼ਨ ਦੇ ਖੇਡ ਵਿਭਾਗ ਵੱਲੋਂ ਕਾਲਜ ਪ੍ਰਬੰਧਕ ਕਮੇਟੀ, ਸਟਾਫ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਗਏ। ਸੰਸਥਾ ਦੇ ਪੀ ਆਰ ਓ ਪ੍ਰੋ. ਸ਼ੋਇਬ ਜ਼ਫ਼ਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਵਿਭਾਗ ਦੇ ਮੁਖੀ ਪ੍ਰੋ. ਬਲਵਿੰਦਰ ਸ਼ਰਮਾ ਦੀ ਅਗਵਾਈ ’ਚ ਹੋਏ ਸਮਾਗਮ ਮੌਕੇ ਸੁਖਮਨੀ ਸਾਹਿਬ ਦੇ ਪਾਠ ਕੇ ਭੋਗ ਪਾਏ ਗਏ। ਇਸ ਉਪਰੰਤ ਗੁਰਚੇਤ ਸਿੰਘ ਰਬਾਬੀ ਤਪਾ ਵਾਲਿਆਂ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰੇਸ਼ ਸਿੰਗਲਾ, ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ, ਮੈਂਬਰ ਡਾ. ਰਾਹੁਲ ਗਾਰਗੀ, ਸਮੂਹ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਗ੍ਰੰਥੀ ਸਿੰਘ ਅਤੇ ਕੀਰਤਨੀ ਜਥੇ ਦਾ ਸਨਮਾਨ ਕੀਤਾ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤਾਏ।

