ਤਪਾ ਦੇ ਪਿੰਡ ਢਿੱਲਵਾਂ ਵਿੱਚ ਦੋਸਤਾਂ ਵੱਲੋਂ ਕਤਲ ਕੀਤੇ ਪਰਵਾਸੀ ਮਜ਼ਦੂਰ ਦੀ ਲਾਸ਼ ਅੱਜ ਪੁਲੀਸ ਵੱਲੋਂ ਬਰਾਮਦ ਕੀਤੀ ਗਈ। ਇਹ ਲਾਸ਼ ਅੱਜ ਡਰੇਨ ਨਜ਼ਦੀਕ ਲਾਲੂਕੇ ਵਾਲੇ ਰਾਹ ’ਤੇ ਬਰਾਮਦ ਕੀਤੀ।
ਐੱਸ ਐੱਚ ਓ ਸ਼ਰੀਫ਼ ਖ਼ਾਨ ਨੇ ਦੱਸਿਆ ਕਿ ਕਰੀਬ ਸਵਾ ਮਹੀਨਾ ਪਹਿਲਾਂ ਝੋਨਾ ਲਾਉਣ ਆਏ ਪਰਵਾਸੀ ਮਜ਼ਦੂਰਾਂ ਨੇ ਆਪਣੇ ਸਾਥੀ ਅਕਸ਼ੇ ਕੁਮਾਰ ਦਾ ਪੈਸਿਆਂ ਦੇ ਲਾਲਚ ‘ਚ ਕਤਲ ਕਰ ਦਿੱਤਾ ਸੀ। ਮ੍ਰਿਤਕ ਬਿਹਾਰ ਦੇ ਜ਼ਿਲ੍ਹਾ ਪੂਰਨੀਆਂ ਦਾ ਵਸਨੀਕ ਸੀ ਅਤੇ ਉਸ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲੀਸ ਦੀ ਜਾਂਚ ਦੌਰਾਨ ਇਸ ਕਤਲ ਦਾ ਭੇਤ ਖੁੱਲ੍ਹ ਸਕਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ ਇਸ ਮਾਮਲੇ ਵਿੱਚ ਹੁਣ ਤੱਕ ਦੋ ਮੁਲਜ਼ਮਾਂ ਖੁਸ਼ੀ ਲਾਲ, ਭੂਮੀ ਰਿਸ਼ੀ ਦੇਵ ਅਤੇ ਅਖਿਲੇਸ਼ ਰਿਸ਼ੀ ਦੇਵ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਨੇ ਉਸ ਦਾ ਕਤਲ ਕਰਕੇ ਲਾਸ਼ ਢਿੱਲਵਾਂ ਡਰੇਨ ਨੇੜੇ ਦੱਬ ਦਿੱਤੀ ਸੀ। ਪੁਲੀਸ 1 ਸਤੰਬਰ ਤੋਂ ਲਾਸ਼ ਦੀ ਭਾਲ ਕਰ ਰਹੀ ਸੀ, ਪਰ ਮੀਂਹ ਕਾਰਨ ਸਫ਼ਲਤਾ ਨਹੀਂ ਮਿਲੀ ਸੀ। ਉਨ੍ਹਾਂ ਦੱਸਿਆ ਕਿ ਡਿਊਟੀ ਮੈਜਿਸਟ੍ਰੇਟ ਓਂਕਾਰ ਸਿੰਘ ਦੀ ਹਾਜ਼ਰੀ ‘ਚ ਅੱਜ ਡਰੇਨ ਨੇੜੇ ਮ੍ਰਿਤਕ ਦੀ ਲਾਸ਼ ਜੋ ਸਿਰਫ ਹੱਡੀਆਂ ਸਨ, ਨੂੰ ਬਰਾਮਦ ਕੀਤਾ ਹੈ। ਇਸ ਮੌਕੇ ਡੀ ਐੱਸ ਪੀ ਤਪਾ ਗੁਰਬਿੰਦਰ ਸਿੰਘ ਤੋਂ ਇਲਾਵਾ ਫੌਰੈਂਸਿੰਕ ਅਤੇ ਮੈਡੀਕਲ ਟੀਮਾਂ ਮੌਕੇ ‘ਤੇ ਮੌਜੂਦ ਸਨ। ਥਾਣਾ ਮੁਖੀ ਸ਼ਰੀਫ ਖ਼ਾਨ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦੇ ਜੋ ਅਭਿਸ਼ੇਸ਼ ਮਿਲੇ ਹਨ, ਉਨਾਂ ਨੂੰ ਜਾਂਚ ਲਈ ਭੇਜਿਆ ਜਾਵੇਗਾ। ਐੱਸ ਐੱਚ ਓ ਨੇ ਕਿਹਾ ਕਿ ਮੁਲਜ਼ਮਾਂ ਦਾ 15 ਸਤੰਬਰ ਤੱਕ ਰਿਮਾਂਡ ਹਾਸਲ ਕੀਤਾ ਹੋਇਆ ਹੈ।