ਹੱਤਿਆ ਕਾਂਡ: ਮੁੱਖ ਮੁਲਜ਼ਮ ਕੁਲਦੀਪ ਉਰਫ਼ ਭਾਊ ਚੰਡੀਗੜ੍ਹ ਤੋਂ ਗ੍ਰਿਫ਼ਤਾਰ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 6 ਮਈ
ਜ਼ਿਲ੍ਹਾ ਪੁਲੀਸ ਡੱਬਵਾਲੀ ਨੇ ਮਸੀਤਾਂ ਹੱਤਿਆ ਕਾਂਡ ਦੇ ਮੁੱਖ ਮੁਲਜ਼ਮ ਕੁਲਦੀਪ ਉਰਫ਼ ਭਾਊ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਮੌਜਗੜ੍ਹ ਦੇ ਮਨੀ ਕਤਲ ਕੇਸ, ਮਸੀਤਾਂ ਕਤਲ ਕੇਸ ਅਤੇ ਨੀਲਿਆਂਵਾਲੀ ਕੇਸ ਵਿੱਚ ਲੋੜੀਂਦਾ ਸੀ। ਬੀਤੇ ਦਿਨ ਜ਼ਿਲ੍ਹਾ ਪੁਲੀਸ ਨੇ ਉਸ 'ਤੇ ਪੰਜ ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਸੀ।
ਉਸਦੀ ਗ੍ਰਿਫ਼ਤਾਰੀ ਲਈ ਸੀਆਈਏ ਡੱਬਵਾਲੀ, ਸਿਟੀ ਪੁਲੀਸ ਸਟੇਸ਼ਨ ਅਤੇ ਸਾਈਬਰ ਸੈੱਲ ਡੱਬਵਾਲੀ 'ਤੇ ਆਧਾਰਿਤ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਕਿ ਲੰਘੀ 22 ਅਪਰੈਲ ਨੂੰ ਜਦੋਂ ਗੁਰਸੇਵਕ ਅਤੇ ਉਸ ਦੇ ਭਰਾ ਦਾ ਦੋਸਤ ਦੀਪਕ ਮਸੀਤਾਂ ਵਿਖੇ ਖੇਤ ਤੋਂ ਆਪਣੇ ਮੋਟਰਸਾਈਕਲ 'ਤੇ ਘਰ ਜਾ ਰਹੇ ਸਨ, ਉਸੇ ਦੌਰਾਨ ਪਿੱਛਿਓਂ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ। ਇਸ ਫਾਇਰਿੰਗ ਵਿੱਚ 7-8 ਗੋਲੀਆਂ ਗੁਰਸੇਵਕ ਨੂੰ ਲੱਗੀਆਂ ਅਤੇ ਇੱਕ ਗੋਲੀ ਦੀਪਕ ਨੂੰ ਲੱਗੀ। ਗੁਰਸੇਵਕ ਦੀ ਮੌਤ ਹੋ ਗਈ ਸੀ। ਡੱਬਵਾਲੀ ਦੇ ਐੱਸਪੀ ਨਿਕਿਤਾ ਖੱਟਰ ਨੇ ਕਿਹਾ ਕਿ ਗੁਰਸੇਵਕ ਦੇ ਭਰਾ ਸਰਵਜੀਤ ਸਿੰਘ ਦੇ ਬਿਆਨ 'ਤੇ ਦਰਜ ਮੁਕੱਦਮੇ ਵਿੱਚ ਰੈਕੀ ਕਰਨ ਵਾਲੇ ਦੋ ਮੁਲਜ਼ਮਾਂ, ਕੁਲਦੀਪ ਸਿੰਘ ਪੰਚ, ਗੁਰਤੇਜ ਅਤੇ ਇੱਕ ਹੋਰ ਮੁਲਜ਼ਮ ਅਮਰਦੀਪ ਨੂੰ ਹੱਤਿਆ ਵਿਚ ਵਰਤੇ ਗਏ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐਸਪੀ ਨੇ ਕਿਹਾ ਕਿ ਮੁਲਜ਼ਮ ਕੁਲਦੀਪ ਸਿੰਘ ਭਾਊ ਦੇ ਖ਼ਿਲਾਫ਼ ਪੰਜ ਮਾਮਲੇ ਦਰਜ ਹਨ। ਦੂਜੇ ਪਾਸੇ ਮ੍ਰਿਤਕ ਗੁਰਸੇਵਕ ਸਿੰਘ ਦੀ ਭੈਣ ਨੇ ਪੁਲੀਸ 'ਤੇ ਹੱਤਿਆ ਮਾਮਲੇ ਵਿੱਚ ਨਾਮਜ਼ਦ ਡੱਬਵਾਲੀ ਵਾਸੀ ਸੰਜੇ ਕਟਾਰੀਆ ਨੂੰ ਬਚਾਉਣ ਦੇ ਗੰਭੀਰ ਦੋਸ਼ ਲਗਾਏ ਹਨ।