ਸੰਸਦ ਮੈਂਬਰ ਖਾਲਸਾ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਭੇਜ ਕੇ ਹੜ੍ਹ ਪੀੜਤਾਂ ਲਈ ਵਿਸ਼ੇਸ਼ ਪੈਕੇਜ ਮੰਗਿਆ
ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਮੰਗ ਕੀਤੀ ਕਿ ਹੜ੍ਹ ਪੀੜਤਾਂ ਦੀ ਵਿੱਤੀ ਮਦਦ ਲਈ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦਿੱਤਾ ਜਾਵੇ। ਉਨ੍ਹਾਂ ਆਖਿਆ ਕਿ ਕੁਦਰਤੀ ਆਫਤ ਕਰਕੇ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਕਿਸਾਨਾਂ ਦੀਆਂ ਫ਼ਸਲਾਂ, ਪਸ਼ੂ ਧੰਨ, ਗਰੀਬ ਲੋਕਾਂ ਦੇ ਘਰ ਅਤੇ ਹੋਰ ਕਈ ਤਰ੍ਹਾਂ ਦੇ ਸਮਾਨ ਦਾ ਭਾਰੀ ਵਿੱਤੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਦੇ ਲੋਕਾਂ ਦਾ ਮਨੋਬਲ ਉਚਾ ਚੁੱਕਣ ਲਈ ਵਿਸ਼ੇਸ਼ ਪੈਕੇਜ ਨਾਲ ਇਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ। ਉਨ੍ਹਾਂ ਆਪਣੀ ਇੱਕ ਮਹੀਨੇ ਦੀ ਤਨਖਾਹ ਵੀ ਹੜ੍ਹਾ ਪੀੜਤਾਂ ਨੂੰ ਦੇਣ ਦਾ ਐਲਾਨ ਕੀਤਾ ਹੈ।
ਐਮਪੀ ਦੇ ਨਜ਼ਦੀਕੀ ਅਤੇ ਫੈਡਰੇਸ਼ਨ ਆਗੂ ਭਾਈ ਦਲੇਰ ਸਿੰਘ ਡੋਡ ਨੇ ਦੱਸਿਆ ਕਿ ਭਾਈ ਖਾਲਸਾ ਦੀ ਅਗਵਾਈ ਵਿੱਚ ਉਨ੍ਹਾਂ ਦੀ ਟੀਮ ਨੇ ਹੜ੍ਹ ਮਾਰੇ ਫਿਰੋਜ਼ਪੁਰ, ਫਾਜ਼ਿਲਕਾ ਅਤੇ ਤਰਨ ਤਾਰਨ ਜ਼ਿਲ੍ਹਿਆਂ ਦੇ 25 ਤੋਂ ਵੱਧ ਪਿੰਡਾਂ ਦਾ ਦੌਰਾ ਕੀਤਾ ਹੈ ਅਤੇ ਉਥੇ ਪ੍ਰਭਾਵਿਤ ਲੋਕਾਂ ਦੇ ਪਸ਼ੂ ਧੰਨ ਲਈ ਫੀਡ ਅਤੇ ਹੋਰ ਜ਼ਰੂਰੀ ਸਾਮਾਨ ਪਹੁੰਚਾਇਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਨਿਹਾਲਾ ਅਤੇ ਗੁਰਨੇ ਵਾਲਾ ਵਿੱਚ ਪੱਕੇ ਕੈਂਪ ਲਗਾਏ ਹੋਏ ਹਨ ਜਿਥੋਂ ਹੁਣ ਤੱਕ ਗੱਟਾ ਬਾਦਸ਼ਾਹ, ਫਹਿਤਗੜ੍ਹ ਸਭਰਾ, ਬਸਤੀ ਗਰੀਬ ਸਿੰਘ, ਆਸੀਦੇ ਕੇ, ਫੱਤੇ ਵਾਲਾ, ਬਸਤੀ ਰਾਵਾਂ ਵਾਲੀ, ਜੱਲੇ ਕੇ, ਬੰਗਲਾ, ਰੁਕਨੇ ਵਾਲਾ ਸਮੇਤ 2 ਦਰਜ਼ਨ ਪਿੰਡਾਂ ਵਿੱਚ ਪੱਠੇ, ਫੀਡ, ਪਸ਼ੂਆਂ ਲਈ ਮੱਕੀ ਦੇ ਆਚਾਰ ਅਤੇ ਹੋਰ ਜ਼ਰੂਰੀ ਸਮਾਨ ਦੀਆਂ ਦੋ ਦਰਜ਼ਨ ਤੋਂ ਵੱਧ ਟਰਾਲੀਆਂ ਭੇਜੀਆਂ ਜਾ ਚੁੱਕੀਆਂ ਹਨ।