ਸੰਸਦ ਮੈਂਬਰ ਨੇ 45 ਲੱਖ ਦੀ ਗਰਾਂਟ ਵੰਡੀ
ਹੰਢਿਆਇਆ ਵਿੱਚ ਚੈੱਕ ਸੌਂਪਦੇ ਹੋਏ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ। -ਫੋਟੋ: ਸੂਦ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਹੰਢਿਆਇਆ ਵਿੱਚ 18 ਲੋੜਵੰਦ ਪਰਿਵਾਰਾਂ ਨੂੰ ਆਵਾਸ ਯੋਜਨਾ ਤਹਿਤ ਪੱਕੇ ਘਰਾਂ ਦੀ ਉਸਾਰੀ ਲਈ 45 ਲੱਖ ਰੁਪਏ ਦੀ ਗਰਾਂਟ...
ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਹੰਢਿਆਇਆ ਵਿੱਚ 18 ਲੋੜਵੰਦ ਪਰਿਵਾਰਾਂ ਨੂੰ ਆਵਾਸ ਯੋਜਨਾ ਤਹਿਤ ਪੱਕੇ ਘਰਾਂ ਦੀ ਉਸਾਰੀ ਲਈ 45 ਲੱਖ ਰੁਪਏ ਦੀ ਗਰਾਂਟ ਵੰਡੀ। ਉਨ੍ਹਾਂ ਦੱਸਿਆ ਕਿ ਹਰ ਪਰਿਵਾਰ ਨੂੰ ਸਰਕਾਰ ਵੱਲੋਂ 2.50 ਲੱਖ ਰੁਪਏ ਦੀ ਗਰਾਂਟ ਮਿਲੇਗੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮੀਂਹ ਕਾਰਨ ਨੁਕਸਾਨੇ ਹੰਢਿਆਇਆ ਦੇ 30 ਘਰਾਂ ਦੇ ਮਾਲਕਾਂ ਦੇ ਖਾਤਿਆਂ ਵਿੱਚ ਮੁਆਵਜ਼ੇ ਦੀ ਰਕਮ ਵੀ ਟਰਾਂਸਫਰ ਕੀਤੀ ਜਾ ਚੁੱਕੀ ਹੈ। ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਇਸ਼ਿਵੰਦਰ ਜੰਡੂ, ਧੀਰਜ ਕੁਮਾਰ ਆਦਿ ਹਾਜ਼ਰ ਸਨ।
‘ਮੁੱਖ ਮੰਤਰੀ ਤੀਰਥ ਯਾਤਰਾ’ ਤਹਿਤ ਛੇ ਬੱਸਾਂ ਰਵਾਨਾ
ਬਠਿੰਡਾ: ‘ਮੁੱਖ ਮੰਤਰੀ ਤੀਰਥ ਯਾਤਰਾ’ ਸਕੀਮ ਅਧੀਨ ਅੱਜ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ’ਚੋਂ ਛੇ ਬੱਸਾਂ ਰਵਾਨਾ ਹੋਈਆਂ। ਇਹ ਬੱਸਾਂ ਸ਼ਰਧਾਲੂਆਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਥਿਤ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣਗੀਆਂ। ਬਠਿੰਡਾ ਸ਼ਹਿਰ ਤੋਂ ਚੱਲੀ ਬੱਸ ਨੂੰ ਵਿਧਾਇਕ ਜਗਰੂਪ ਸਿੰਘ ਗਿੱਲ ਨੇ, ਪਿੰਡ ਬੁੱਗਰਾਂ ਤੋਂ ਚੱਲੀ ਬੱਸ ਨੂੰ ਮੌੜ ਹਲਕੇ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਨੇ, ਪਿੰਡ ਵਿਰਕ ਕਲਾਂ ਤੋਂ ਚੱਲੀ ਬੱਸ ਨੂੰ ‘ਆਪ’ ਦੇ ਬਠਿੰਡਾ (ਦਿਹਾਤੀ) ਹਲਕੇ ਦੇ ਇੰਚਾਰਜ ਜਸਵਿੰਦਰ ਸਿੰਘ ਛਿੰਦਾ ਨੇ ਰਵਾਨਾ ਕੀਤਾ। ਇਸੇ ਤਰ੍ਹਾਂ ਇਲਾਵਾ ਹਲਕਾ ਰਾਮਪੁਰਾ ਦੇ ਪਿੰਡ ਕੋਇਰ ਸਿੰਘ ਵਾਲਾ, ਹਲਕਾ ਤਲਵੰਡੀ ਸਾਬੋ ਦੇ ਪਿੰਡ ਭਗਵਾਨਗੜ੍ਹ ਅਤੇ ਹਲਕਾ ਭੁੱਚੋ ਵਿਚਲੇ ਪਿੰਡ ਬਰਕੰਦੀ ਤੋਂ ਵੀ ਬੱਸਾਂ ਦੀ ਰਸਮੀ ਤੌਰ ’ਤੇ ਰਵਾਨਗੀ ਹੋਈ। -ਨਿੱਜੀ ਪੱਤਰ ਪ੍ਰੇਰਕ
ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ
ਭਗਤਾ ਭਾਈ: ਦਿ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈ ਵਿੱਚ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਪੁਰਬ ਮਨਾਇਆ ਗਿਆ। ਸਟਾਫ ਤੇ ਬੱਚਿਆਂ ਨੇ ਗੁਰਬਾਣੀ ਦਾ ਪਾਠ ਕੀਤਾ। ਬੱਚਿਆਂ ਨੇ ਕੀਰਤਨ ਅਤੇ ਗੁਰੂ ਸਾਹਿਬ ਦੇ ਜੀਵਨ ਸਬੰਧੀ ਕਵੀਸ਼ਰੀ ਪੇਸ਼ ਕੀਤੀ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸ਼ਹੀਦੀ ਪੁਰਬ ਨੂੰ ਸਮਰਪਿਤ ਕਰਵਾਏ ਮੁਕਾਬਲਿਆਂ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਹੋਣਹਾਰ ਬੱਚੇ ਸਨਮਾਨੇ ਗਏ। ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਕਿਹਾ ਕਿ ਗੁਰੂ ਜੀ ਦੀ ਸ਼ਹਾਦਤ ਅਦੁੱਤੀ ਸੀ ਕਿਉਂਕਿ ਉਨ੍ਹਾਂ ਇਹ ਸ਼ਹੀਦੀ ਆਪਣੇ ਧਰਮ ਲਈ ਨਹੀਂ ਬਲਕਿ ਦੂਜੇ ਧਰਮ ਦੀ ਰੱਖਿਆ ਲਈ ਦਿੱਤੀ ਸੀ। ਇਸ ਮੌਕੇ ਸਕੂਲ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ, ਚੇਅਰਮੈਨ ਹਰਗੁਰਪ੍ਰੀਤ ਸਿੰਘ ਗਗਨ ਬਰਾੜ, ਪ੍ਰਧਾਨ ਗੁਰਮੀਤ ਸਿੰਘ ਗਿੱਲ, ਉਪ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ ਢਿੱਲੋਂ ਤੇ ਵਿੱਤ ਸਕੱਤਰ ਗੁਰਮੀਤ ਸਿੰਘ ਸਰਪੰਚ ਹਾਜ਼ਰ ਸਨ। -ਪੱਤਰ ਪ੍ਰੇਰਕ
ਸ਼ਹੀਦੀ ਪੁਰਬ ਨੂੰ ਸਮਰਪਿਤ ਮੁਕਾਬਲੇ
ਕੋਟਕਪੂਰਾ: ਹੰਸ ਰਾਜ ਮੈਮੋਰੀਅਲ ਕਾਲਜ ਆਫ ਐਜੂਕੇਸ਼ਨ ਵਿੱਚ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਬੀ ਐਡ ਅਤੇ ਡੀ ਐਲ ਐਡ ਦੇ ਵਿਦਿਆਰਥੀਆਂ ਵਿਚਕਾਰ ਕੁਇਜ਼ ਕਰਵਾਏ ਗਏ। ਡੀ ਐੱਲ ਐੱਡ ਦੀ ਪ੍ਰਿੰਸੀਪਲ ਸਿਰਮਜੀਤ ਕੌਰ ਅਤੇ ਚੇਅਰਮੈਨ ਦਰਸ਼ਨ ਪਾਲ ਸ਼ਰਮਾ ਨੇ ਦੱਸਿਆ ਕਿ ਮੁਕਾਬਲਿਆਂ ਦਾ ਮਕਸਦ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੀ ਬਾਣੀ ਅਤੇ ਜੀਵਨ ਬਾਰੇ ਜਾਣਕਾਰੀ ਦੇਣਾ ਹੈ। ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਦੌਰਾਨ ਗੁਰੂ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਬੰਧੀ ਸਵਾਲ ਪੁੱਛੇ ਗਏ ਅਤੇ ਜੇਤੂਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਆ ਗਿਆ। ਇਨ੍ਹਾਂ ਮੁਕਾਬਲਿਆਂ ਲਈ ਸਿੱਖਿਆ ਪ੍ਰੋਗਰਾਮ ਅਫਸਰ ਡਾ. ਸਮਿਰਤੀ ਸ਼ਰਮਾ ਨੇ ਅਹਿਮ ਭੂਮਿਕਾ ਨਿਭਾਈ। -ਪੱਤਰ ਪ੍ਰੇਰਕ
ਗੁਰੂ ਤੇਗ ਬਹਾਦਰ ਦਾ ਸ਼ਹੀਦੀ ਪੁਰਬ ਮਨਾਇਆ
ਭੁੱਚੋ ਮੰਡੀ: ਗੁਰੂ ਤੇਗ ਬਹਾਦਰ ਦਾ ਸ਼ਹੀਦੀ ਪੁਰਬ ਸੇਂਟ ਕਬੀਰ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਵਿੱਚ ਮਨਾਇਆ ਗਿਆ। ਇਸ ਦੀ ਸ਼ੁਰੂਆਤ ਪੰਜ ਪਿਆਰਿਆਂ ਨੇ ਮੂਲ ਮੰਤਰ ਨਾਲ ਕੀਤੀ ਅਤੇ ਜਪੁਜੀ ਸਾਹਿਬ ਦੇ ਪਾਠ ਕੀਤੇ ਗਏ। ਵਿਦਿਆਰਥੀਆਂ ਨੇ ਸ਼ਬਦ ਕੀਰਤਨ ਕੀਤਾ ਤੇ ਗੁਰੂ ਸਾਹਿਬ ਦੀ ਬਾਣੀ ਦੇ ਸ਼ਲੋਕ ਪੜ੍ਹੇ। ਗੁਰੂ ਤੇਗ ਬਹਾਦਰ ਦੇ ਜੀਵਨ ਤੇ ਸ਼ਹਾਦਤ ਬਾਰੇ ਕੁਲਵੰਤ ਕੌਰ ਨੇ ਪ੍ਰੇਰਕ ਵਿਚਾਰ ਸਾਂਝੇ ਕੀਤੇ। ਇਸ ਮੌਕੇ ਬੱਚਿਆਂ ਨੇ ਧਾਰਮਿਕ ਕਵਿਤਾ, ਪਾਠ ਅਤੇ ਭਾਸ਼ਣ ਪੇਸ਼ ਕੀਤੇ। ਸਕੂਲ ਦੇ ਐੱਮ ਡੀ ਪ੍ਰੋ. ਐੱਮ ਐੱਲ ਅਰੋੜਾ, ਡਾਇਰੈਕਟਰ ਡਾ. ਨੰਦਿਤਾ ਗਰੋਵਰ, ਪ੍ਰਿੰਸੀਪਲ ਕੰਚਨ ਨੇ ਸਾਰਿਆਂ ਨੂੰ ਗੁਰੂ ਸਾਹਿਬ ਦੀ ਸਿੱਖਿਆ, ਸੱਚ, ਹਿੰਮਤ ਅਤੇ ਮਨੁੱਖਤਾ ਦੀ ਰਾਖੀ ਦੇ ਸੰਦੇਸ਼ ਨੂੰ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਆ। -ਪੱਤਰ ਪ੍ਰੇਰਕ

