ਮਸੀਤਾਂ ਕਾਂਡ: ਜਬਰ-ਜਨਾਹ ਦੇ ਕੇਸ ਦੀ ਰਜਿਸ਼ ਕਾਰਨ ਕੀਤੀ ਹੱਤਿਆ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 24 ਅਪਰੈਲ
ਡੱਬਵਾਲੀ ਜ਼ਿਲ੍ਹਾ ਪੁਲੀਸ ਨੇ ਮਸੀਤਾਂ ਦੇ ਗੁਰਸੇਵਕ ਹੱਤਿਆ ਕਾਂਡ ਨੂੰ ਸਿਰਫ਼ 24 ਘੰਟਿਆਂ ਵਿੱਚ ਹੱਲ ਕਰ ਲਿਆ ਹੈ। ਰੇਕੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਉਨ੍ਹਾਂ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰਨ ਮਗਰੋਂ ਕਤਲ ਦੇ ਕਾਰਨਾਂ ਦਾ ਖੁਲਾਸਾ ਹੋ ਗਿਆ ਹੈ। ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਪੰਚ ਅਤੇ ਇਕਬਾਲ ਵਾਸੀ ਮਸੀਤਾਂ ਵਜੋਂ ਹੋਈ ਹੈ।
ਇਸ ਹੱਤਿਆ ਕਾਂਡ ਨੂੰ ਬਲਾਤਕਾਰ ਦੇ ਮਾਮਲੇ ਦੀ ਰੰਜਿਸ਼ ਅੰਜਾਮ ਦਿੱਤਾ ਗਿਆ, ਉਹ ਬਲਾਤਲਾਰ ਕੇਸ ਮ੍ਰਿਤਕ ਗੁਰਸੇਵਕ ਸਿੰਘ ਉਰਫ ਸੇਵਕ ਅਤੇ ਉਸ ਦੇ ਦੋਸਤ ਦੀਪਕ ਯਾਦਵ ਨੇ ਰਮਨਦੀਪ ਖ਼ਿਲਾਫ਼ ਦਾਇਰ ਕਰਵਾਇਆ ਸੀ। ਰਮਨਦੀਪ ਉਕਤ ਮਾਮਲੇ ਵਿੱਚ ਰੇਕੀ ਕਰਨ ਵਾਲੇ ਮੁਲਜ਼ਮ ਇਕਬਾਲ ਦਾ ਭਰਾ ਹੈ ਅਤੇ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਹੈ। ਬਲਾਤਕਾਰ ਮਾਮਲੇ ਵਿੱਚ ਗੁਰਸੇਵਕ (ਮ੍ਰਿਤਕ) ਅਤੇ ਦੀਪਕ ਯਾਦਵ ਦੀ ਗਵਾਹੀ ਅਗਲੇ ਮਹੀਨੇ ਹੋਣੀ ਸੀ। ਗਵਾਹੀ ਦੇ ਮੱਦੇਨਜ਼ਰ, ਗੁਰਸੇਵਕ ਅਤੇ ਦੀਪਕ ਯਾਦਵ ਨੂੰ ਮਾਰਨ ਦੀ ਯੋਜਨਾ ਬਣਾਈ ਗਈ। ਡੱਬਵਾਲੀ ਦੀ ਐੱਸਪੀ ਨਿਕਿਤਾ ਖੱਟਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਗੁਰਸੇਵਕ ਸਿੰਘ 22 ਅਪਰੈਲ ਨੂੰ ਆਪਣੇ ਘਰੋਂ ਨਿਕਲਿਆ, ਤਾਂ ਕੁਲਦੀਪ ਪੰਚ ਅਤੇ ਇਕਬਾਲ ਸਿੰਘ ਮੋਟਰਸਾਈਕਲ ’ਤੇ ਪਿੱਛਾ ਕਰਦੇ ਹੋਏ ਖੇਤਾਂ ਦੇ ਨੇੜੇ ਲੁਕ ਗਏ ਅਤੇ ਉਸ ਦੀ ਰੇਕੀ ਕੀਤੀ। ਉਹ ਕੁਲਦੀਪ ਸਿੰਘ ਉਰਫ ਭਾਊ ਅਤੇ ਉਸਦੇ ਸਾਥੀ ਨੂੰ ਫ਼ੋਨ 'ਤੇ ਜਾਣਕਾਰੀ ਦਿੰਦੇ ਰਹੇ। ਕੁਲਦੀਪ ਭਾਉ ਪਿੰਡ ਮਸੀਤਾਂ ਤੋਂ ਕੁਝ ਦੂਰੀ 'ਤੇ ਇੱਕ ਸੁੰਨਸਾਨ ਜਗ੍ਹਾ 'ਤੇ ਸੜਕ ਕੰਢੇ ਦਰੱਖਤਾਂ ਵਿੱਚ ਲੁਕਿਆ ਹੋਇਆ ਸੀ। ਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਗੁਰਸੇਵਕ ਦੇ ਖੇਤ ਤੋਂ ਰਵਾਨਾ ਹੋਣ ਦੀ ਸੂਚਨਾ ਕੁਲਦੀਪ ਉਰਫ਼ ਭਾਊ ਨੂੰ ਦਿੱਤੀ ਜਿਸ ਕਾਰਨ ਘਟਨਾ ਵਾਪਰੀ ਸੀ।