ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 24 ਜੂਨ
ਸੀਆਈਏ ਸਟਾਫ ਪੁਲੀਸ ਕਾਲਾਂਵਾਲੀ ਨੇ ਮੈਡੀਕਲ ਨਸ਼ਿਆਂ ਵਿਰੁੱਧ ਕਾਰਵਾਈ ਕਰਦਿਆਂ ਮੰਡੀ ਕਾਲਾਂਵਾਲੀ ਵਿੱਚ ਸਥਿਤ ਇਕ ਮੈਡੀਕਲ ਸਟੋਰ ਤੋਂ ਨਸ਼ਿਆਂ ਲਈ ਵਰਤੀਆਂ ਜਾਂਦੀਆਂ 1 ਲੱਖ 19 ਹਜ਼ਾਰ 310 ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਹਨ।
ਸੀਆਈਏ ਕਾਲਾਂਵਾਲੀ ਦੇ ਇੰਚਾਰਜ ਸੁਰੇਸ਼ ਕੁਮਾਰ ਨੇ ਦੱਸਿਆ ਕਿ ਥਾਣਾ ਕਾਲਾਂਵਾਲੀ ਦੇ ਐਸਏ ਹੈੱਡ ਕਾਂਸਟੇਬਲ ਅਨਿਲ ਕੁਮਾਰ ਅਤੇ ਸਦਰ ਥਾਣਾ ਡੱਬਵਾਲੀ ਦੇ ਐੱਸਏ ਹੈੱਡ ਕਾਂਸਟੇਬਲ ਗੁਰਦੀਪ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੰਡੀ ਕਾਲਾਂਵਾਲੀ ਦੇ ਇੱਕ ਮੈਡੀਕਲ ਸਟੋਰ ਨੂੰ ਇੱਕ ਗੱਡੀ ਵਿੱਚ ਵੱਡੀ ਮਾਤਰਾ ਵਿੱਚ ਮੈਡੀਕਲ ਦਵਾਈਆਂ ਸਪਲਾਈ ਕੀਤੀਆਂ ਜਾਣੀਆਂ ਹਨ ਜਿਸ ’ਤੇ ਉਨ੍ਹਾਂ ਦੀ ਟੀਮ ਨੇ ਇਸ ਗੱਡੀ ਦਾ ਪਿੱਛਾ ਕੀਤਾ ਅਤੇ ਮੰਡੀ ਕਾਲਾਂਵਾਲੀ ਵਿੱਚ ਸਥਿਤ ਇਕ ਮੈਡੀਕਲ ਸਟੋਰ ’ਤੇ ਛਾਪਾ ਮਾਰਿਆ, ਜਿੱਥੇ ਕਾਰ ਵਿੱਚ ਸਵਾਰ ਤਿੰਨ ਵਿਅਕਤੀ ਮਨਦੀਪ ਸਿੰਘ, ਜਸਵਿੰਦਰ ਸਿੰਘ ਅਤੇ ਪਾਰਸ ਵਾਸੀ ਔਢਾਂ ਗੋਲੀਆਂ ਅਤੇ ਕੈਪਸੂਲਾਂ ਦੇ ਡੱਬੇ ਰੱਖਦੇ ਹੋਏ ਮਿਲੇ। ਪੁਲੀਸ ਨੇ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦਾ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਜਿਸ ਵਿੱਚ ਮੁੱਖ ਤੌਰ ’ਤੇ 17,400 ਗੋਲੀਆਂ (ਟੈਨੀਡੋਲ), 28,800 ਗੋਲੀਆਂ (ਟੈਕਡੋਲ) 360 ਗੋਲੀਆਂ (ਟੈਪੈਂਟਾਡੋਲ), 19,950 ਕੈਪਸੂਲ (ਸਿਗਨੇਚਰ) ਅਤੇ 52,800 ਕੈਪਸੂਲ (ਸਿਗਮਾ) ਬਰਾਮਦ ਕੀਤੀਆਂ ਗਈਆਂ। ਡਰੱਗ ਇੰਸਪੈਕਟਰ ਨੂੰ ਮੌਕੇ ’ਤੇ ਬੁਲਾਇਆ ਗਿਆ ਅਤੇ ਜਦੋਂ ਉਨ੍ਹਾਂ ਤੋਂ ਬਰਾਮਦ ਕੀਤੀਆਂ ਗੋਲੀਆਂ ਅਤੇ ਕੈਪਸੂਲਾਂ ਸਬੰਧੀ ਪਰਮਿਟ ਅਤੇ ਲਾਇਸੈਂਸ ਦੀ ਮੰਗ ਕੀਤੀ ਗਈ ਤਾਂ ਉਹ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਡਰੱਗ ਇੰਸਪੈਕਟਰ ਨੂੰ ਮੌਕੇ ’ਤੇ ਬੁਲਾਇਆ ਗਿਆ ਅਤੇ ਬਰਾਮਦ ਕੀਤੀਆਂ ਗੋਲੀਆਂ ਅਤੇ ਕੈਪਸੂਲ ਉਨ੍ਹਾਂ ਨੂੰ ਸੌਂਪ ਦਿੱਤੇ ਗਏ ਅਤੇ ਅਗਲੇਰੀ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਤਿੰਨਾਂ ਵਿਅਕਤੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।