DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਲਵੇ ਦੀਆਂ ਬਰੂਹਾਂ ਤੋਂ ਮੌਨਸੂਨ ਹਾਲੇ ਵੀ ਦੂਰ

ਰਾਮਪੁਰਾ ਫੂਲ ਸਭ ਤੋਂ ਵੱਧ ਤਪਿਆ; ਤਾਪਮਾਨ 45 ਡਿਗਰੀ ਸੈਲਸੀਅਸ ਰਿਹਾ
  • fb
  • twitter
  • whatsapp
  • whatsapp
featured-img featured-img
ਬਠਿੰਡਾ ਵਿੱਚ ਮੰਗਲਵਾਰ ਨੂੰ ਆਸਮਾਨ ਵਿੱਚ ਛਾਏ ਹੋਏ ਟਾਵੇਂ-ਟਾਵੇਂ ਬੱਦਲ।
Advertisement

ਸ਼ਗਨ ਕਟਾਰੀਆ

ਬਠਿੰਡਾ, 4 ਜੁਲਾਈ

Advertisement

ਮਾਲਵੇ ਦੇ ਇਸ ਖੇਤਰ ਦੇ ਬਾਸ਼ਿੰਦੇ ਅੱਜ ਵੀ ਹੁੰਮਸ ਭਰੀ ਗਰਮੀ ਨਾਲ ਪ੍ਰੇਸ਼ਾਨੀ ਵਿੱਚ ਨਜ਼ਰ ਆਏ। ਹਾਲਾਂਕਿ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਨੇ ਕਿਤੇ ਥੋੜ੍ਹੀ, ਕਿਤੇ ਜ਼ਿਆਦਾ ਹਾਜ਼ਰੀ ਲੁਆਈ, ਪਰ ਮੀਂਹ ਨਾ ਪੈਣ ਕਾਰਨ ਜ਼ਿਲ੍ਹੇ ਦਾ ਪਾਰਾ ਚੜ੍ਹਿਆ ਰਿਹਾ। ਜਾਣਕਾਰੀ ਅਨੁਸਾਰ ਬਠਿੰਡਾ ’ਚ ਅੱਜ ਤਾਪਮਾਨ 42.2 ਡਿਗਰੀ ਸੈਲਸੀਅਸ ਨੂੰ ਛੋਹ ਗਿਆ। ਹਵਾ ਵਿੱਚ ਨਮੀ ਦੀ ਮਾਤਰਾ ਵੀ 57 ਫ਼ੀਸਦ ਦਰਜ ਕੀਤੀ ਗਈ। ਤਿੱਖੀ ਧੁੱਪ ਅਤੇ ਚਮਕਦਾਰ ਧੁੱਪ ਦਰਮਿਆਨ ਬਾਅਦ ਦੁਪਹਿਰ ਵਗੀਆਂ ਉੱਤਰ-ਪੂਰਬੀ ਹਵਾਵਾਂ ਵੀ ਹੁੰਮਸ ਵਾਲੀ ਗਰਮੀ ਤੋਂ ਰਾਹਤ ਨਾ ਦੁਆ ਸਕੀਆਂ। ਇਸ ਦੌਰਾਨ ਮੌਸਮ ਮਾਹਿਰਾਂ ਨੇ 5 ਤੋਂ 10 ਜੁਲਾਈ ਦਰਮਿਆਨ ਪੰਜਾਬ ’ਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਉਨ੍ਹਾਂ ਦਾ ਕਿਆਫ਼ਾ ਹੈ ਕਿ 5 ਤੋਂ 7 ਜੁਲਾਈ ਦਰਮਿਆਨ ਕਾਰਵਾਈ ਕਮਜ਼ੋਰ ਰਹੇਗੀ ਪਰ 8 ਤੋਂ 10 ਜੁਲਾਈ ਦਰਮਿਆਨ ਤਕੜੀ ਕਾਰਵਾਈ ਵਾਲਾ ਸਿਸਟਮ ਐਕਟਿਵ ਰਹੇਗਾ, ਜੋ ਲਗਭਗ ਸਮੁੱਚੇ ਰਾਜ ਨੂੰ ਆਪਣੇ ਕਲਾਵੇ ਵਿੱਚ ਲਵੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਅਨੁਸਾਰ 5 ਤੋਂ 9 ਜੁਲਾਈ ਦਰਮਿਆਨ ਬਠਿੰਡਾ ਖਿੱਤੇ ਅੰਦਰ 2 ਤੋਂ 14 ਮਿਲੀਮੀਟਰ ਵਰਖਾ ਹੋਣ ਦੀ ਗੱਲ ਕਹੀ ਗਈ ਹੈ। ਉਸ ਮੁਤਾਬਿਕ ਇਨ੍ਹਾਂ ਦਿਨਾਂ ’ਚ ਵੱਧ ਤੋਂ ਵੱਧ ਤਾਪਮਾਨ 33 ਤੋਂ 35 ਅਤੇ ਘੱਟੋ-ਘੱਟ ਤਾਪਮਾਨ 26 ਤੋਂ 28 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਹਵਾ ਦੀ ਗਤੀ ਕੁੱਝ ਖਾਸ ਰਹਿਣ ਵਾਲੀ ਨਹੀਂ। ਇਸ ਦੀ ਪੈਮਾਇਸ਼ 11 ਤੋਂ 18 ਕਿਲੋਮੀਟਰ ਫੀ ਘੰਟਾ ਦੱਸੀ ਗਈ ਹੈ। ਅੱਜ ਮਾਲਵੇ ਅੰਦਰ ਰਾਮਪੁਰਾ ਫੂਲ ਸ਼ਹਿਰ ਦਾ ਤਾਪਮਾਨ ਸਭ ਤੋਂ ਵੱਧ 45 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਘੱਟ ਤਪਾ ਦਾ 44.6, ਫ਼ਾਜ਼ਿਲਕਾ 44.5, ਮਾਨਸਾ ਤੇ ਮੌੜ 44.1, ਭੀਖੀ 44, ਫ਼ਰੀਦਕੋਟ ਤੇ ਅਬੋਹਰ 43.8, ਕੋਟਕਪੂਰਾ 43.6, ਮੋਗਾ, ਮੁਕਤਸਰ ਤੇ ਗਿੱਦੜਬਾਹਾ 43.2, ਮਲੋਟ 43.1, ਬੁਢਲਾਡਾ 43, ਬਰਨਾਲਾ 42.8, ਸੰਗਰੂਰ ਤੇ ਸਰਦੂਲਗੜ੍ਹ 42 ਅਤੇ ਫ਼ਿਰੋਜ਼ਪੁਰ 38 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮਾਨਸਾ ਵਿੱਚ ਕਣੀਆਂ ਪਈਆਂ

ਮਾਨਸਾ (ਪੱਤਰ ਪ੍ਰੇਰਕ): ਪੰਜਾਬ ਅਤੇ ਹਰਿਆਣਾ ਵਿੱਚ ਮੌਨਸੂਨ ਆਉਣ ਤੋਂ ਬਾਅਦ ਮਾਲਵਾ ਖੇਤਰ ਵਿਚ ਸੁਸਤ ਹੋਈ ਮਾਨਸੂਨ ਤੋਂ ਬਾਅਦ ਅੱਜ ਸ਼ਾਮ ਨੂੰ ਮਾਨਸਾ ਇਲਾਕੇ ਵਿੱਚ ਪਈਆਂ ਕਣੀਆਂ ਨੇ ਇੱਕ ਵਾਰ ਲੋਕਾਂ ਨੂੰ ਹੁੰਮਸ ਤੋਂ ਥੋੜ੍ਹੀ ਰਾਹਤ ਦਿੱਤੀ ਹੈ। ਕਣੀਆਂ ਤੋਂ ਬਾਅਦ ਸ਼ਹਿਰ ਵਿੱਚ ਜਿੱਥੇ ਰੌਣਕ ਦੇਖਣ ਨੂੰ ਮਿਲੀ, ਉਥੇ ਹੀ ਕਿਸਾਨਾਂ ਦੇ ਚਿਹਰੇ ਖਿੜ ਗਏ। ਖੇਤੀ ਮਹਿਕਮੇ ਦਾ ਕਹਿਣਾ ਹੈ ਕਿ ਠੰਢੇ ਮੌਸਮ ਵਿਚ ਲੱਗਣਸਾਰ ਹੀ ਝੋਨੇ ਨੇ ਹਰਿਆਲੀ ਮਾਰਨੀ ਸ਼ੁਰੂ ਕਰ ਦੇਣੀ ਹੈ।

Advertisement
×