ਉਗਰਾਹਾਂ ਜਥੇਬੰਦੀ ਵੱਲੋਂ ਮੋਗਾ ਰੈਲੀ ਲਈ ਲਾਮਬੰਦੀ
ਜਮਹੂਰੀ ਅਧਿਕਾਰ ਸਭਾ ਦੇ ਸੱਦੇ ’ਤੇ ਜਨਤਕ ਜਥੇਬੰਦੀਆਂ ਦੇ ਸਾਂਝੇ ਜਬਰ ਵਿਰੋਧੀ ਇਕੱਠ ਵਿੱਚ 8 ਅਗਸਤ ਨੂੰ ਮੋਗਾ ਵਿੱਚ ਹੋ ਰਹੀ ਰੈਲੀ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਮਾਲਵਾ ਖੇਤਰ ਵਿੱਚ ਲਾਮਬੰਦੀ ਆਰੰਭ ਦਿੱਤੀ ਹੈ। 30 ਜੁਲਾਈ ਨੂੰ ਪੰਜਾਬ ਭਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਟਰੈਕਟਰ ਮਾਰਚਾਂ ਵਿੱਚ ਕਿਸਾਨਾਂ, ਮਜ਼ਦੂਰਾਂ ਦੀ ਵੱਡੀ ਹਾਜ਼ਰੀ ਤੋਂ ਬਾਅਦ ਹੋ ਰਹੀ ਇਸ ਰੈਲੀ ਲਈ ਪਿੰਡਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ, ਬੁਰਜ ਹਰੀ, ਜੋਗਾ, ਅਨੂਪਗੜ੍ਹ ਵਿੱਚ ਇਕੱਠਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਘਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਸਭ ਕੁਝ ਲੁਟਾਉਣ ਲਈ ਤਰਲੋ ਮੱਛੀ ਹੋ ਰਹੀਆਂ ਹਨ। ਉਨ੍ਹਾਂ ਕਿਹਾ ਇਨ੍ਹਾਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਸੰਗਠਨਾਂ ਅਤੇ ਲੋਕਾਂ ਦੇ ਉਤੇ ਪੁਲੀਸ ਜਬਰ ਢਹਾਇਆ ਜਾ ਰਿਹਾ ਹੈ, ਜਿਸ ਦੇ ਵਿਰੋਧ ਵਿੱਚ 8 ਅਗਸਤ ਨੂੰ ਮੋਗਾ ਵਿੱਚ ਇੱਕ ਵੱਡੀ ਜਨਤਕ ਰੈਲੀ ਕੀਤੀ ਜਾ ਰਹੀ ਹੈ।
ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਕਿਸਾਨਾਂ ਦੀਆਂ ਜਬਰੀ ਜ਼ਮੀਨਾਂ ਰੋਕਣ ਦਾ ਫੈਸਲਾ ਕਰ ਚੁੱਕੀ ਹੈ ਅਤੇ ਇਸਦੇ ਪਹਿਲੇ ਪੜਾਅ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਕਿਸਾਨਾਂ ਦੀ 65 ਹਜ਼ਾਰ ਏਕੜ ਜ਼ਮੀਨ ਲੈਂਡ ਪੂਲਿੰਗ ਨੀਤੀ ਤਹਿਤ ਐਕੁਆਇਰ ਕੀਤੀ ਜਾ ਰਹੀ ਹੈ।
ਮਨਜੀਤ ਧਨੇਰ ਦੀ ਜਥੇਬੰਦੀ ਵੱਲੋਂ ਵੀ ਲਾਮਬੰਦੀ ਸੁਰੂ
ਇਸੇ ਦੌਰਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਵੱਲੋਂ ਵੀ ਅੱਜ ਕੁਲਵੰਤ ਸਿੰਘ ਕਿ੍ਰਸ਼ਨਗੜ੍ਹ ਅਤੇ ਦਰਸ਼ਨ ਗੁਰਨੇ ਦੀ ਅਗਵਾਈ ਹੇਠ ਬੁਢਲਾਡਾ ਵਿਖੇ ਕੀਤੀ ਗਈ ਲਾਮਬੰਦੀ ਰੈਲੀ ਦੌਰਾਨ 8 ਅਗਸਤ ਨੂੰ ਮੋਗਾ ਵਿਖੇ ਹੋ ਰਹੇ ਸਾਂਝੇ ਜਾਬਰ ਵਿਰੋਧੀ ਇਕੱਠ ਵਿੱਚ ਭਾਗ ਲਵੇਗੀ।