ਮੋਗਾ: ਨਾਜਾਇਜ਼ ਖਣਨ ਦੇ ਦੋਸ਼ ਹੇਠ 10 ਗ੍ਰਿਫ਼ਤਾਰ
ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਜੂਨ
ਪੰਜਾਬ ਤੋਂ ਹਿਮਾਚਲ ਤੱਕ ਫੈਲ ਰੇਤ ਦੇ ਕਾਲੇ ਕਾਰੋਬਾਰ ਨੂੰ ਨੱਥ ਪਾਉਣ ਲਈ ਸੂਬਾ ਸਰਕਾਰ ਭਾਵੇਂ ਸਖ਼ਤ ਕਾਰਵਾਈ ਕਰ ਰਹੀ ਹੈ ਪਰ ਰੇਤ ਮਾਫ਼ੀਆ ਦੇ ਹੌਂਸਲੇ ਬੁਲੰਦ ਹਨ। ਇਥੇ ਥਾਣਾ ਕੋਟ ਈਸੇ ਖਾਂ ਪੁਲੀਸ ਨੇ ਨਾਜਾਇਜ਼ ਮਾਈਨਿੰਗ’ਤੇ ਵੱਡੀ ਕਾਰਵਾਈ ਕਰਦਿਆਂ ਰੇਤ ਨਾਲ ਭਰੇ 6 ਟਰੈਕਟਰ ਟਰਾਲੇ ਤੇ ਜੇਸੀਬੀ ਜ਼ਬਤ ਕੀਤੀ ਹੈ। ਇਸ ਮਾਮਲੇ ’ਚ ਗੈਰ-ਕਾਨੂੰਨੀ ਖਣਨ ਦੇ ਦੋਸ਼ ਹੇਠ 10 ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕੀਤਾ ਗਿਆ ਹੈ। ਇੱਕ ਮੁਲਜ਼ਮ ਤੋਂ ਰਿਵਾਲਵਰ ਬਰਾਮਦ ਕੀਤਾ ਗਿਆ ਹੈ।
ਐੱਸਐੱਸਪੀ ਅਜੈ ਗਾਂਧੀ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਕਿਤੇ ਵੀ ਨਿਯਮਾਂ ਦੇ ਵਿਰੁੱਧ ਨਾਜਾਇਜ਼ ਤੌਰ ’ਤੇ ਰੇਤੇ ਅਤੇ ਮਿੱਟੀ ਦੀ ਨਿਕਾਸੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਮਾਈਨਜ਼ ਅਤੇ ਮਿਨਰਲ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ 1957 ਦੇ ਸੈਕਸ਼ਨ 21 ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ।
ਡੀਐੱਸਪੀ ਧਰਮਕੋਟ ਰਮਨਦੀਪ ਸਿੰਘ, ਥਾਣਾ ਕੋਟ ਈਸੇ ਖਾਂ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਗੁਰਲਾਭ ਸਿੰਘ ਪਿੰਡ ਕਾਦਰਵਾਲਾ ਅਤੇ ਇਕਬਾਲ ਸਿੰਘ ਉਰਫ ਲਹੌਰੀਆ ਪਿੰਡ ਦੌਲੇਵਾਲਾ ਰਾਤ ਨੂੰ ਚੋਰੀ-ਛਿੱਪੇ ਹੋਰ ਲੋਕਾਂ ਗੁਰਜੀਤ ਸਿੰਘ, ਸਤਨਾਮ ਸਿੰਘ ਅਤੇ ਗੋਰਾ ਸਿੰਘ ਤਿੰਨੋ ਵਾਸੀ ਤਲਵੰਡੀ ਨੌ ਬਹਾਰ ਲਖਵਿੰਦਰ ਸਿੰਘ ਉਰਫ ਗੋਰਾ ਪਿੰਡ ਦੌਲੇਵਾਲਾ, ਹਰਜਿੰਦਰ ਸਿੰਘ ਪਿੰਡ ਫਤਿਹਪੁਰ ਝੁੱਗੀਆਂ, ਤਰਸੇਮ ਸਿੰਘ ਪਿੰਡ ਮਸਤੇਵਾਲਾ ਅਤੇ ਜਸਪ੍ਰੀਤ ਸਿੰਘ ਵਾਸੀ ਕੋਟ ਈਸੇ ਖਾਂ ਜੇਸੀਬੀ ਮਸ਼ੀਨ ਚਾਲਕ ਵਰਿੰਦਰ ਸਿੰਘ ਜੋ ਪਿੰਡ ਤਲਵੰਡੀ ਨੌ ਬਹਾਰ ਦੀ ਜ਼ਮੀਨ ’ਚੋਂ ਰੇਤਾ ਦੀ ਚੋਰੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਛਾਪੇਮਾਰੀ ਕਰਕੇ ਚਾਰ ਟਰੈਕਟਰ ਅਰਜੁਨ, ਇੱਕ ਟਰੈਕਟਰ ਸਵਰਾਜ ਸਮੇਤ ਰੇਤਾ ਦਾ ਭਰੇ ਟਰਾਲੇ ਅਤੇ ਇੱਕ ਟਰੈਕਟਰ ਸੋਨਾਲੀਕਾ ਸਮੇਤ ਖਾਲੀ ਟਰਾਲਾ ਤੇ ਜੇਸੀਬੀ ਤੇ ਹੋਰ ਗੈਰ ਕਾਨੂੰਨੀ ਨਿਕਾਸੀ ਵਾਲਾ ਸਾਮਾਨ ਜ਼ਬਤ ਕੀਤਾ ਗਿਆ ਹੈ। ਮੁਲਜ਼ਮ ਗੁਰਜੀਤ ਸਿੰਘ ਪਾਸੋ ਰਿਵਾਲਵਰ 32 ਬੋਰ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕਰਕੇ ਹੋਰ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਜਾਵੇਗੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣਾਂ ਵਿੱਚ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਉੱਤੇ ਰੇਤ ਤੇ ਬੱਜਰੀ ਦੀਆਂ ਕੀਮਤਾਂ ਨੂੰ ਲੋਕਾਂ ਦੀ ਪਹੁੰਚ ਵਿੱਚ ਲਿਆਂਦਾ ਜਾਵੇਗਾ। ਪਰ ਰੇਤ ਦਾ ਕਾਲਾ ਕਾਰੋਬਾਰ ਬਦਸਤੂਰ ਜਾਰੀ ਹੈ।