ਸੀਪੀਆਈ ਦੀ ਰੈਲੀ ਲਈ ਲਾਮਬੰਦੀ
ਪੱਤਰ ਪ੍ਰੇਰਕ
ਮਾਨਸਾ, 26 ਦਸੰਬਰ
ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉਡਤ ਨੇ ਕਿਹਾ ਕਿ ਕੇਦਰ ਦੀ ਫਾਸ਼ੀਵਾਦੀ ਮੋਦੀ ਹਕੂਮਤ ਆਪਣੇ ਫਿਰਕੂ ਏਜੰਡੇ ’ਤੇ ਚੱਲਦਿਆਂ ਭਾਰਤੀ ਸੰਵਿਧਾਨ, ਸੰਵਿਧਾਨਕ ਸੰਸਥਾਵਾਂ ਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਤਹਿਸ ਨਹਿਸ ਕਰਕੇ ਹਿੰਦੂ ਰਾਸ਼ਟਰ ਬਣਾਉਣ ਵੱਲ ਵਧ ਰਹੀ ਹੈ। ਉਹ ਅੱਜ ਪਿੰਡ ਦੂਲੋਵਾਲ ਅਤੇ ਸੱਦਾ ਸਿੰਘ ਵਾਲਾ ਵਿੱਚ 30 ਦਸੰਬਰ ਦੇ ਪ੍ਰੋਗਰਾਮ ਨੂੰ ਲੈਕੇ ਕੀਤੀਆਂ ਲਾਮਬੰਦੀ ਰੈਲੀਆਂ ਦੌਰਾਨ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਕਮਿਊਨਿਸਟ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਹਜ਼ਾਰਾਂ ਕੁਰਬਾਨੀਆਂ ਨਾਲ ਦੇਸ਼ ਆਜ਼ਾਦ ਹੋਇਆ ਤੇ ਭਾਰਤੀ ਸੰਵਿਧਾਨ ਲਾਗੂ ਹੋਇਆ, ਜਿਸ ਸੰਵਿਧਾਨ ਸਦਕਾ ਔਰਤਾਂ ਤੇ ਦਲਿਤਾਂ ਨੂੰ ਬਰਾਬਰੀ ਦੇ ਅਧਿਕਾਰ ਪ੍ਰਾਪਤ ਹੋਏ, ਫਿਰਕੂ ਮਨੂੰਵਾਦੀ ਤਾਕਤਾਂ ਨੂੰ ਇਹ ਬਰਾਬਰੀ ਹਜ਼ਮ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੀਪੀਆਈ ਦੀ ਸਥਾਪਨਾ ਮੌਕੇ 30 ਦਸੰਬਰ ਦੀ ਰਾਜਸੀ ਰੈਲੀ ਲਾਮਿਸਾਲ ਤੇ ਇਤਿਹਾਸਕ ਹੋਵੇਗੀ ਅਤੇ ਸਮੇਂ ਦੇ ਹਾਕਮਾਂ ਨੂੰ ਵੰਗਾਰ ਸਾਬਤ ਹੋਵੇਗੀ। ਇਸ ਮੌਕੇ ਕਾਲਾ ਖਾਂ ਭੰਮੇ, ਬਲਦੇਵ ਸਿੰਘ, ਕਰਨੈਲ ਸਿੰਘ ਦੂਲੋਵਾਲ, ਜੀਵਨ ਸਿੰਘ, ਜੱਗਾ ਸਿੰਘ ਦੂਲੋਵਾਲ, ਕਾਲੀ ਸਿੰਘ, ਜਗਰੂਪ ਸਿੰਘ ਸੱਦਾ ਸਿੰਘ ਵਾਲਾ, ਜੀਤ ਸਿੰਘ ਤੇ ਰਾਜ ਸਿੰਘ ਨੇ ਵੀ ਸੰਬੋਧਨ ਕੀਤਾ।