ਕਣਕ ਦੇ ਨੁਕਸਾਨ ਦੇ ਮੁਆਵਜ਼ੇ ਲਈ ਲਾਮਬੰਦੀ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਜ਼ੀਰਾ ਅਤੇ ਮੱਲਾਂਵਾਲਾ ਦੀ ਮੀਟਿੰਗ ਪਿੰਡ ਮਲਸੀਆਂ ਕਲਾਂ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਗੁਰਚਰਨ ਸਿੰਘ ਮਲਸੀਆਂ ਦੀ ਅਗਵਾਈ ਹੇਠ ਹੋਈ। ਇਸ ਵਿੱਚ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਲੰਘੇ ਸੀਜ਼ਨ ਦੌਰਾਨ ਅੱਗ ਲੱਗਣ ਕਾਰਨ ਸੜੀ ਕਣਕ ਦਾ ਮੁਆਵਜ਼ਾ ਲੈਣ ਲਈ ਐੱਸਡੀਐੱਮ ਦਫਤਰ ਜ਼ੀਰਾ ਅੱਗੇ ਧਰਨਾ ਲਾਉਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਨਛੱਤਰ ਸਿੰਘ ਮਲਸੀਆਂ ਨੇ ਦੱਸਿਆ ਕਿ ਇਸ ਸਾਲ ਜ਼ੀਰਾ ਇਲਾਕੇ ਵਿੱਚ ਇੱਕ ਪ੍ਰਾਈਵੇਟ ਠੇਕੇਦਾਰ ਦੇ ਕਰਿੰਦਿਆਂ ਕੋਲੋਂ ਅੱਗ ਲੱਗਣ ਨਾਲ ਕਿਸਾਨਾਂ ਦਾ ਕਣਕ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪ੍ਰਸ਼ਾਸਨ ਨੂੰ ਲਿਖਤੀ ਅਪੀਲਾਂ ਵੀ ਕੀਤੀਆਂ ਗਈਆਂ ਸਨ, ਪਰ ਪ੍ਰਸ਼ਾਸਨ ਨੇ ਹਾਲੇ ਤੱਕ ਵੀ ਦੋਸ਼ੀਆਂ ਉੱਪਰ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਐਲਾਨਿਆ ਮੁਆਵਜ਼ਾ ਕਿਸਾਨਾਂ ਦੇ ਖਾਤਿਆਂ ਵਿੱਚ ਪਾਇਆ ਗਿਆ ਹੈ। ਲੰਬਾ ਸਮਾਂ ਬੀਤਣ ਤੋਂ ਬਾਅਦ ਕਿਸਾਨਾਂ ਵੱਲੋਂ ਕੋਈ ਹੱਲ ਨਾ ਹੁੰਦਾ ਦੇਖ ਕੇ ਮੰਗਲਵਾਰ ਨੂੰ ਐੱਸਡੀਐੱਮ ਦਫ਼ਤਰ ਜ਼ੀਰਾ ਵਿੱਚ ਧਰਨਾ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਆਗੂਆਂ ਨੇ ਇਲਾਕੇ ਦੇ ਕਿਸਾਨਾਂ ਅਤੇ ਸਹਿਯੋਗੀ ਜਥੇਬੰਦੀਆਂ ਨੂੰ ਇਸ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।
ਇਸ ਮੌਕੇ ਬਲਾਕ ਮੱਲਾਂਵਾਲਾ ਦੇ ਪ੍ਰਧਾਨ ਬਲਵੰਤ ਸਿੰਘ, ਬਲਾਕ ਜ਼ੀਰਾ ਦੇ ਸਕੱਤਰ ਹਰਦੇਵ ਸਿੰਘ ਮਲਸੀਆਂ, ਗੁਰਜੱਜ ਸਿੰਘ ਸਾਂਦੇ ਹਾਸ਼ਮ, ਗੁਰਦੀਪ ਸਿੰਘ ਬਸਤੀ ਗਾਮੇ ਵਾਲੀ, ਕਾਬਲ ਸਿੰਘ ਟਿੰਡਵਾਂ, ਲਖਵੀਰ ਸਿੰਘ ਬਸਤੀ ਗਾਮੇ ਵਾਲੀ, ਰਵਿੰਦਰ ਸਿੰਘ ਮਲਸੀਆਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ।