ਜੋਗਿੰਦਰ ਸਿੰਘ ਮਾਨ
ਮਾਨਸਾ, 20 ਜੂਨ
ਪਿਛਲੇ 5 ਮਹੀਨਿਆਂ ਤੋਂ ਮਨਰੇਗਾ ਮਜ਼ਦੂਰਾਂ ਨੂੰ ਮਜ਼ਦੂਰੀ ਦੇ ਪੈਸੇ ਨਾ ਮਿਲਣ ਦੇ ਵਿਰੋਧ ਵਿੱਚ ਅੱਜ ਸੈਂਕੜੇ ਮਜ਼ਦੂਰ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਉਨ੍ਹਾਂ ਤੋਂ ਮੰਗ ਪੱਤਰ ਲੈਂਦਿਆਂ ਛੇਤੀ ਦਿਹਾੜੀਆਂ ਦੇ ਪੈਸੇ ਅਤੇ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਉਹ ਸ਼ਾਂਤ ਹੋ ਗਏ। ਇਹ ਪ੍ਰਦਰਸ਼ਨ ਨਰੇਗਾ ਵਰਕਰਜ਼ ਯੂਨੀਅਨ (ਫਿਲੌਰ) ਦੀ ਸੂਬਾ ਪ੍ਰਧਾਨ ਐਡਵੋਕੇਟ ਗਗਨਦੀਪ ਕੌਰ ਦੀ ਅਗਵਾਈ ਵਿੱਚ ਕੀਤਾ ਗਿਆ।
ਸੂਬਾ ਪ੍ਰਧਾਨ ਗਗਨਦੀਪ ਕੌਰ ਨੇ ਕਿਹਾ ਕਿ ਮਨਰੇਗਾ ਐਕਟ ਮੁਤਾਬਿਕ 14 ਦਿਨ ਕੰਮ ਕਰਨ ਤੋਂ ਬਾਅਦ 15ਵੇਂ ਦਿਨ ਮਜ਼ਦੂਰੀ ਦੇ ਪੈਸੇ ਪੈਣੇ ਜ਼ਰੂਰੀ ਹੁੰਦੇ ਹਨ ਅਤੇ ਜੇਕਰ ਪੈਸੇ ਲੇਟ ਹੁੰਦੇ ਹਨ ਤਾਂ ਸਬੰਧਤ ਅਧਿਕਾਰੀਆਂ ਨੂੰ ਕਾਨੂੰਨ ਮੁਤਾਬਿਕ ਜੁਰਮਾਨਾ ਵੀ ਅਦਾ ਕਰਨਾ ਪੈਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਹੁਤ ਸਾਰੇ ਪਿੰਡਾਂ ਵਿੱਚ ਮਜ਼ਦੂਰਾਂ ਨੂੰ ਪੱਖਪਾਤ ਦੇ ਆਧਾਰ ’ਤੇ ਕੰਮ ਨਹੀਂ ਦਿੱਤਾ ਜਾਂਦਾ ਹੈ।
ਯੂਨੀਅਨ ਨੇ ਮੰਗ ਕੀਤੀ ਕਿ ਪੀਣ ਵਾਲੇ ਪਾਣੀ ਅਤੇ ਮਜ਼ਦੂਰਾਂ ਲਈ ਕਾਨੂੰਨ ਅਨੁਸਾਰ ਛਾਂ ਦਾ ਪ੍ਰਬੰਧ ਕੀਤਾ ਜਾਵੇੇ, ਨਰੇਗਾ ਕਿਰਤੀਆਂ ਦੇ ਬਾਕੀ ਰਹਿੰਦੇ ਪੈਸੇ ਜਲਦ ਅਦਾ ਕੀਤੇ ਜਾਣ, ਪੰਚਾਇਤਾਂ ਅਤੇ ਗ੍ਰਾਮ ਸੇਵਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਮਨਰੇਗਾ ਕਿਰਤੀਆਂ ਨੂੰ 14 ਦਿਨ ਦਾ ਲਗਾਤਾਰ ਕੰਮ ਪ੍ਰਦਾਨ ਕਰਕੇ ਕੰਮ ਦੇ ਸਥਾਨ ਉਪਰ ਹੀ ਹਾਜ਼ਰੀ ਲਗਾਈ ਜਾਵੇ। ਇਸ ਮੌਕੇ ਅਵਤਾਰ ਸਿੰਘ, ਪਰਮਜੀਤ ਸਿੰਘ ਟਿੱਬੀ, ਕਰਮਜੀਤ ਸਿੰਘ, ਰਾਣੀ ਕੌਰ ਫੂੁਲੁਵਾਲਾ, ਬੰਤ ਕੌਰ ਸਤੀਕੇ, ਗੁਰਪਿਆਰ ਸਿੰਘ,ਸਵਰਨ ਸਿੰਘ,ਭੋਲਾ ਸਿੰਘ ਫਤਿਹਪੁਰ,ਰਾਣੀ ਕੌਰ, ਬੰਸੋ ਕੌਰ ਭਗਵਾਨਪੁਰਾ ਨੇ ਵੀ ਸੰਬੋਧਨ ਕੀਤਾ।