ਵਿਧਾਇਕ ਵੱਲੋਂ ਸਾਢੇ ਚਾਰ ਕਰੋੜੀ ਵਿਕਾਸ ਕਾਰਜਾਂ ਦੇ ਉਦਘਾਟਨ
ਜੋਗਿੰਦਰ ਸਿੰਘ ਮਾਨ
ਮਾਨਸਾ, 1 ਜੁਲਾਈ
ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪਿੰਡਾਂ ਦੀਆਂ ਫਿਰਨੀਆਂ ਕੰਕਰੀਟ ਦੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਫਿਰਨੀਆਂ ਦਾ ਨਿਰਮਾਣ ਕਰਨਾ ਪੰਜਾਬ ਸਰਕਾਰ ਦਾ ਨਿਵੇਕਲਾ ਉਦਮ ਹੈ। ਉਹ ਅੱਜ ਵੱਖ-ਵੱਖ ਪਿੰਡਾਂ ’ਚ ਸੜਕਾਂ ਦਾ ਉਦਘਾਟਨ ਕਰਨ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਬੁੱਧ ਰਾਮ ਨੇ ਕਿਹਾ ਕਿ ਪਹਿਲੀ ਵਾਰੀ ਪਿੰਡ ਦੀਆਂ ਸੜਕਾਂ 18 ਫੁੱਟ ਚੌੜੀਆਂ ਕੰਕਰੀਟ ਦੀਆਂ ਬਣੀਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡ ਰੰਘੜਿਆਲ ਦੀ ਫਿਰਨੀ 700 ਮੀਟਰ 58.49 ਲੱਖ, ਪਿੰਡ ਦਿਆਲਪੁਰਾ ਦੀ ਫਿਰਨੀ 950 ਮੀਟਰ 74.34 ਲੱਖ ਅਤੇ ਪਿੰਡ ਬਹਾਦਰਪੁਰ 700 ਮੀਟਰ 53.27 ਲੱਖ ਰੁਪਏ ਦੀ ਲਾਗਤ ਨਾਲ ਬਣਾਈਆਂ ਗਈਆਂ ਹਨ।
ਵਿਧਾਇਕ ਨੇ ਦੱਸਿਆ ਕਿ ਪਿੰਡ ਖੁਡਾਲ ਕਲਾਂ ਨੂੰ ਜਾਖਲ ਰੋਡ ਨਾਲ ਜੋੜਨ ਲਈ 23.49 ਲੱਖ ਰੁਪਏ ਦੀ ਲਾਗਤ ਨਾਲ 2 ਕਿਲੋਮੀਟਰ ਨਵੀਂ ਸੜ੍ਹਕ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਪਿੰਡ ਦੇ ਵਿਚ 62.94 ਲੱਖ ਰੁਪਏ ਦੀ ਲਾਗਤ ਨਾਲ 850 ਮੀਟਰ ਅਤੇ 78.86 ਲੱਖ ਰੁਪਏ ਦੀ ਲਾਗਤ ਨਾਲ 1.40 ਕਿਲੋਮੀਟਰ ਫਿਰਨੀ ਦੀਆਂ ਸੜ੍ਹਕਾਂ ਦਾ ਅੱਜ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਰਾਮਨਗਰ ਭੱਠਲ ਵਿਖੇ 75.87 ਲੱਖ ਰੁਪਏ ਨਾਲ 01 ਕਿਲੋਮੀਟਰ ਅਤੇ ਪਿੰਡ ਆਲਮਪੁਰ ਮੰਦਰਾਂ ਵਿਖੇ 35.96 ਲੱਖ ਰੁਪਏ ਦੀ ਲਾਗਤ ਨਾਲ 550 ਮੀਟਰ ਸੜ੍ਹਕ ਦਾ ਨਿਰਮਾਣ ਕੀਤਾ ਗਿਆ ਹੈ। ਵਿਧਾਇਕ ਨੇ ਦੱਸਿਆ ਕਿ ਪੰਜਾਬ ਮੰਡੀਕਰਨ ਬੋਰਡ ਵੱਲੋਂ ਲਿੰਕ ਸੜਕਾਂ ਦੀ ਮੁਰੰਮਤ, ਮੰਡੀਆਂ ਦੇ ਫੜ ਅਤੇ ਡਰੇਨਾਂ ਦੇ ਪੁਲ ਵੀ ਬਣਾਏ ਗਏ ਹਨ।
ਇਸ ਮੌਕੇ ਚੇਅਰਮੈਨ ਚਮਕੌਰ ਸਿੰਘ, ਕੇਵਲ ਸ਼ਰਮਾ, ਰਜਿੰਦਰ ਸਿੰਘ ਗੋਬਿੰਦਪੁਰਾ, ਲਲਿਤ ਜੈਨ, ਹਰਜੀਤ ਬਿੱਟੂ, ਸਰਪੰਚ ਗੁਰਦੀਪ ਸਿੰਘ, ਸਰਪੰਚ ਜਰਨੈਲ ਸਿੰਘ, ਸੁਖਚੈਨ ਚੈਨੀ, ਗਾਂਧੀ ਰਾਮ ਤੇ ਪ੍ਰੀਤ ਕੁਮਾਰ ਵੀ ਮੌਜੂਦ ਸਨ।