ਵਿਧਾਇਕ ’ਤੇ ਪੰਚਾਇਤੀ ਫੰਡ ਮੰਗਣ ਦਾ ਦੋਸ਼
ਫਤਹਿਗੜ੍ਹ ਛੰਨਾ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਸੌਂਪਿਆ ਮੰਗ ਪੱਤਰ
ਹਲਕਾ ਭਦੌੜ ਵਿਧਾਇਕ ਵੱਲੋਂ ਪਿੰਡ ਫ਼ਤਹਿਗੜ੍ਹ ਛੰਨਾ ਦੀ ਗ੍ਰਾਮ ਪੰਚਾਇਤ ਦੇ ਖਾਤੇ ’ਚੋਂ ਹੜ੍ਹ ਪੀੜਤਾਂ ਲਈ ਕਥਿਤ ਜਬਰੀ ਸਹਾਇਤਾ ਫੰਡ ਮੰਗਣ ਤੋਂ ਖ਼ਫ਼ਾ ਪਿੰਡ ਵਾਸੀਆਂ ਨੇ ਅੱਜ ਸਰਪੰਚ ਰਾਜਵਿੰਦਰ ਕੌਰ ਦੇ ਸੱਦੇ ’ਤੇ ਪਿੰਡ ਵਿੱਚ ਇਕੱਠ ਕਰ ਕੇ ਇਸ ਵਿਰੁੱਧ ਮਤਾ ਪਾਇਆ। ਉਪਰੰਤ ਇਸ ਖ਼ਿਲਾਫ਼ ਡੀ ਡੀ ਪੀ ਓ ਬਰਨਾਲਾ ਦਫ਼ਤਰ ਵਿੱਚ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ।
ਵਫ਼ਦ ਵਿੱਚ ਸ਼ਾਮਲ ਬੀ ਕੇ ਯੂ ਏਕਤਾ ਉਗਰਾਹਾਂ ਦੇ ਬਲਾਕ ਬਰਨਾਲਾ ਪ੍ਰਧਾਨ ਬਲੌਰ ਸਿੰਘ ਛੰਨਾ, ਕ੍ਰਿਸ਼ਨ ਛੰਨਾ, ਬੀ ਕੇ ਯੂ (ਕਾਦੀਆਂ) ਦੇ ਇਕਾਈ ਪ੍ਰਧਾਨ ਤੇ ਸਾਬਕਾ ਸਰਪੰਚ ਨਿਰਮਲ ਸਿੰਘ, ਹਰਜੀਤ ਸਿੰਘ, ਨੰਬਰਦਾਰ ਜਗਸੀਰ ਸਿੰਘ, ਜੱਗਰ ਸਿੰਘ ਤੇ ਸਰਪੰਚ ਰਾਜਵਿੰਦਰ ਕੌਰ ਨੇ ਕਿਹਾ ਕਿ ਸੰਨ 2006-07 ਦੌਰਾਨ ਟਰਾਈਡੈਂਟ ਉਦਯੋਗ ਸਮੂਹ ਵੱਲੋਂ ਐਕੁਆਇਰ ਕੀਤੀ ਕਰੀਬ 21 ਏਕੜ ਪੰਚਾਇਤੀ ਜ਼ਮੀਨ ਦੇ ਪੰਚਾਇਤੀ ਖਾਤੇ ਵਿੱਚ ਜਮ੍ਹਾਂ ਪੈਸੇ ’ਚੋਂ 13 ਲੱਖ ਲੈਣ ਲਈ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਵੱਲੋਂ ਕਥਿਤ ਤੌਰ ’ਤੇ ਹੜ੍ਹ ਪੀੜਤਾਂ ਲਈ ਸਹਾਇਤਾ ਫੰਡ ਵਾਸਤੇ ਦੇਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਪਿੰਡ ਦੀ ਪੰਚਾਇਤ ਅੰਦਰ ਪਾੜ ਪਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਵਿਧਾਇਕ ਵੱਲੋਂ ਹਕੂਮਤੀ ਤਾਕਤ ਦੇ ਜ਼ੋਰ ਪਿੰਡ ਫਤਹਿਗੜ੍ਹ ਛੰਨਾ ਦੀ ਮੌਜੂਦਾ ਸਰਪੰਚ ਨੂੰ ਹਟਾ ਕੇ ਪ੍ਰਬੰਧਕ ਲਗਾ ਕੇ ਇਹ ਪੈਸਾ ਲੈਣ ਦਾ ਡਰਾਵਾ ਵੀ ਦਿੱਤਾ ਗਿਆ ਹੈ। ਇਸ ਕਾਰਨ ਸਰਪੰਚ ਦੀ ਅਗਵਾਈ ਹੇਠ ਪਿੰਡ ਵਾਸੀਆਂ, ਸਾਬਕਾ ਪੰਚਾਇਤੀ ਪਤਵੰਤਿਆਂ, ਨੰਬਰਦਾਰਾਂ, ਬੀ ਕੇ ਯੂ ਏਕਤ (ਉਗਰਾਹਾਂ) ਅਤੇ (ਕਾਦੀਆਂ) ਦੇ ਕਾਰਕੁਨਾਂ ਨੇ ਵਿਧਾਇਕ ਦੀ ਨਿਖੇਧੀ ਕਰਦਿਆਂ ਪੰਚਾਇਤ ਫੰਡ ਜਬਰੀ ਮੰਗਣ ਖ਼ਿਲਾਫ਼ ਮਤਾ ਪਾਸ ਕੀਤਾ। ਉਪਰੰਤ ਇਸ ਵਿਰੁੱਧ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਵਿੱਚ ਮੰਗ ਕੀਤੀ ਕਿ ਪੰਚਾਇਤ ਦੇ ਪੈਸੇ ’ਚੋਂ ਸਹਾਇਤਾ ਫੰਡ ਲਈ ਜਬਰੀ ਵਸੂਲੀ ਨਾ ਕੀਤੀ ਜਾਵੇ ਅਤੇ ਨਾ ਹੀ ਬਦਲਾਖੋਰੀ ਤਹਿਤ ਪ੍ਰਸ਼ਾਸਕ ਲਗਾਇਆ ਜਾਵੇ। ਆਗੂਆਂ ਨੇ ਚਿਤਾਵਨੀ ਵੀ ਦਿੱਤੀ ਕਿ ਜੇ ਸੱਤਾ ਦੇ ਜ਼ੋਰ ਵਧੀਕੀ ਜਾਰੀ ਰੱਖੀ ਗਈ ਤਾਂ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਗੁਰਨਾਮ ਸਿੰਘ, ਹਰਪਾਲ ਸਿੰਘ, ਰਾਮ ਸਿੰਘ ਫੌਜੀ, ਸੁਰਜੀਤ ਸਿੰਘ, ਈਸ਼ਰ ਸਿੰਘ, ਬੇਅੰਤ ਸਿੰਘ ਰਾਜਬਿੰਦਰ ਸਿੰਘ ਪੰਚ,ਬੇਅੰਤ ਸਿੰਘ ਸਾਬਕਾ ਸਰਪੰਚ ਦਰਸ਼ਨ ਸਿੰਘ, ਹਰਜੀਤ ਸਿੰਘ, ਰੇਸ਼ਮ ਸਿੰਘ ਤੇ ਮੇਵਾ ਸਿੰਘ ਆਦਿ ਹਾਜ਼ਰ ਸਨ।
ਇਸ ਸਬੰਧੀ ਪੱਖ ਜਾਨਣ ਲਈ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨਾਲ ਕਈ ਵਾਰ ਸੰਪਰਕ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।
ਬਣਦੀ ਕਾਰਵਾਈ ਕੀਤੀ ਜਾਵੇਗੀ: ਅਧਿਕਾਰੀ
ਡੀ ਡੀ ਪੀ ਓ ਦਫ਼ਤਰ ਦੇ ਡਿਵੈਲਪਮੈਂਟ ਅਸਿਸਟੈਂਟ ਸ਼ਵਿੰਦਰ ਸਿੰਘ ਦੇ ਪ੍ਰਤੀਨਿਧ ਅਧਿਕਾਰੀ ਮਨਜੀਤ ਸਿੰਘ ਦਿਓਲ ਨੇ ਮੰਗ ਪੱਤਰ ਪ੍ਰਾਪਤੀ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਪਰਾਲੀ ਸਾੜਨ ਤੋਂ ਰੋਕਣ ਦੀ ਪ੍ਰਸ਼ਾਸਨਿਕ ਮੁਹਿੰਮ ਤਹਿਤ ਡੀ ਡੀ ਪੀ ਓ, ਏ ਡੀ ਸੀ ਬਰਨਾਲਾ ਨਾਲ ਖੇਤਾਂ ਦੇ ਦੌਰੇ ’ਤੇ ਸਨ। ਉਨ੍ਹਾਂ ਭਲਕੇ ਮਾਮਲੇ ਸਬੰਧੀ ਬਣਦੀ ਕਾਰਵਾਈ ਦਾ ਭਰੋਸਾ ਦਿਵਾਇਆ।

