ਇਥੇ ਪੰਜਾਬ ਸਰਕਾਰ ਦੀ ਮਾਲਕੀ ਵਾਲੀ 5 ਏਕੜ ਤੋਂ ਵੱਧ ਜ਼ਮੀਨ ’ਚੋਂ ਨਾਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਉਣ ’ਤੇ ਧਰਮਕੋਟ ਪੁਲੀਸ ਨੇ ਖਣਨ ਵਿਭਾਗ ਦੀ ਸ਼ਿਕਾਇਤ ’ਤੇ ਇੱਕ ਹਫ਼ਤੇ ਵਿੱਚ ਤੀਜੀ ਐੱਫ ਆਈ ਆਰ ਦਰਜ ਕੀਤੀ ਹੈ। ਸਥਾਨਕ ਉਪ ਮੰਡਲ ਦੇ ਜੂਨੀਅਰ ਇੰਜਨੀਅਰ ਕਮ ਮਾਈਨਿੰਗ ਇੰਸਪੈਕਟਰ ਜਸਵੀਰ ਸਿੰਘ ਦੀ ਸ਼ਿਕਾਇਤ ਉੱਤੇ ਪਿੰਡ ਚੱਕ ਭੌਰਾ ਤੇ ਪਿੰਡ ਚੱਕਤਾਰੇ ਵਾਲਾ ਵਿੱਚ ਪੰਜਾਬ ਸਰਕਾਰ ਨਿਕਾਸ ਭੋਂ ਤੇ ਮੁੜ ਵਸੇਬਾ ਵਿਭਾਗ ਦੀ ਮਾਲਕੀ ਵਾਲੀ ਪੰਜ ਏਕੜ ਤੋਂ ਵੱਧ ਰਕਬੇ ਵਿਚੋਂ ਰੇਤਾ ਦੀ ਨਾਜਾਇਜ਼ ਖਣਨ ਦੇ ਦੋਸ਼ ਹੇਠ ਜ਼ਮੀਨ ਕਾਸ਼ਤਕਾਰ ਪ੍ਰੀਤਮ ਸਿੰਘ ਚੱਕ ਤਾਰਵਾਲਾ ਅਤੇ ਦਿਲਾਵਰ ਸਿੰਘ ਪਿੰਡ ਚੱਕ ਭੌਰੇ ਖ਼ਿਲਾਫ਼ ਤੇ ਸਥਾਨਕ ਉਪ ਮੰਡਲ ਦੇ ਜੁਨੀਅਰ ਇੰਜਨੀਅਰ ਕਮ ਮਾਈਨਿੰਗ ਇੰਸਪੈਕਟਰ ਅਨੂਭਵ ਸਿਸੋਦੀਆ ਦੀ ਸ਼ਿਕਾਇਤ ਉੱਤੇ ਚੱਕ ਪਿੰਡ ਜੀਂਦੜਾ ਵਿੱਚ ਨਾਜਾਇਜ਼ ਖਣਨ ਦੋਸ਼ ਹੇਠ ਜ਼ਮੀਨ ਦੀ ਮਾਲਕ ਵਿਧਵਾ ਔਰਤ ਅੰਗਰੇਜ ਕੌਰ ਤੇ ਕਾਬਜ਼ਕਾਰ ਗੁਰਮੀਤ ਸਿੰਘ ਖ਼ਿਲਾਫ਼ ਧਰਮਕੋਟ ਵਿਖੇ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 25 ਅਕਤੂਬਰ ਨੂੰ ਬੂਟਾ ਸਿੰਘ ਪਿੰਡ ਮੰਝਲੀ, ਲਵਪ੍ਰੀਤ ਸਿੰਘ ਪਿੰਡ ਜਾਫ਼ਰਵਾਲਾ, ਪਰਮਜੀਤ ਸਿੰਘ ਅਤੇ ਸੁਰਜੀਤ ਸਿੰਘ ਦੋਵੇਂ ਪਿੰਡ ਚੁੱਕ ਬਾਹਮਣੀਆਂ ਖੁਰਦ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਕਾਂਗਰਸ ਨੇ ਹਾਕਮ ਧਿਰ ਨੂੰ ਘੇਰਿਆ
ਧਰਮਕੋਟ ਖ਼ੇਤਰ ਵਿਚ ਨਾਜਾਇਜ਼ ਖਣਨ ਖ਼ਿਲਾਫ਼ ਵਿਰੋਧੀ ਧਿਰ ਕਾਂਗਰਸ ਨੇ ਹਾਕਮ ਧਿਰ ਨੂੰ ਘੇਰਿਆ ਹੈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਅਤੇ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਸੋਹਣ ਸਿੰਘ ਖੇਲਾ ਕਥਿਤ ਨਜਾਇਜ਼ ਖਣਨ ਵਾਲੇ ਮੁਲਜ਼ਮਾਂ ਦੀਆਂ ਹਾਕਮ ਧਿਰ ਆਗੂ ਨਾਲ ਫੋਟੋਆਂ ਸੋਸ਼ਲ ਮੀਡੀਆ ’ਤੇ ਫੋਟੋ ਸਾਂਝੀਆਂ ਕਰਕੇ ‘ਆਪ’ ਸਰਕਾਰ ’ਤੇ ਨਿਸ਼ਾਨਾ ਸੇਧਿਆ ਹੈ।

