ਮਿਮਿਟ ਦੇ ਵਿਦਿਆਰਥੀ ਆਰੀਅਨ ਦੀ ਨੋਬੇਰੋ ਕੰਪਨੀ ’ਚ ਚੋਣ
ਲਖਵਿੰਦਰ ਸਿੰਘ
ਮਲੋਟ, 25 ਜੂਨ
ਮਿਮਿਟ ਮਲੋਟ ਵੱਲੋਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਦੱਸਿਆ ਕਿ ਐਤਕੀ ਵੀ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਆਪਣੀ ਚੰਗੀ ਕਾਰਗੁਜ਼ਾਰੀ ਸਦਕਾ ਨਾਮੀ ਕੰਪਨੀਆਂ ਵਿੱਚ ਨੌਕਰੀਆਂ ਹਾਸਲ ਕੀਤੀਆਂ ਹਨ। ਸ੍ਰੀ ਭੁੱਲਰ ਨੇ ਦੱਸਿਆ ਕਿ ਨੈੱਟਵਰਕ ਸਕਿਉਰਿਟੀ ਦੀ ਮਲਟੀ ਨੈਸ਼ਨਲ ਕੰਪਨੀ ‘ਨੋਬੇਰੋ ਸਿਸਟਮ ਪ੍ਰਾਈਵੇਟ ਲਿਮਟਿਡ' ਵੱਲੋਂ ਉਨ੍ਹਾਂ ਦੀ ਸੰਸਥਾ ਦੇ ਆਈਟੀ ਵਿਭਾਗ ਦੇ ਵਿਦਿਆਰਥੀ ਆਰੀਅਨ ਕੁਮਾਰ ਨੂੰ ਜੂਨੀਅਰ ਸਾਫਟਵੇਅਰ ਡਿਵੈਲਪਰ ਵਜੋਂ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ। ਦੱਸਣਯੋਗ ਹੈ ਕਿ ਆਰੀਅਨ ਨੂੰ ਜਨਵਰੀ 2025 ਵਿੱਚ ਟਰੇਨਿੰਗ ਦੌਰਾਨ ਕੰਪਨੀ ਵੱਲੋਂ 15 ਹਜ਼ਾਰ ਰੁਪਏ ਮਹੀਨੇ ਵਜ਼ੀਫ਼ਾ ਦਿੱਤਾ ਗਿਆ ਅਤੇ ਇਸ ਵਿਦਿਆਰਥੀ ਨੇ ਟ੍ਰੇਨਿੰਗ ਦੌਰਾਨ ਹੀ ਯੂਟੀਐੱਮ ਭਾਵ ਯੂਨੀਫਾਈਡ ਥਰੈਟ ਮੈਨੇਜਮੈਂਟ ਸਿਸਟਮ ਅਤੇ ਇੰਟਰਨੈੱਟ ਮੈਨੇਜਮੈਂਟ ਸਿਸਟਮ ਲਈ ਕੁਝ ਅਜਿਹੇ ਸਾਫਟਵੇਅਰ ਬਣਾਏ ਜੋ ਅੱਜ ਦੇ ਸਮੇਂ ਹਰੇਕ ਵੱਡੀਆਂ ਕੰਪਨੀਆਂ ਨੂੰ ਲੋੜੀਂਦੇ ਹਨ।
ਆਰੀਅਨ ਕੁਮਾਰ, ਨੋਬੇਰੋ ਸਿਸਟਮ ਕੰਪਨੀ ਵਿੱਚ ਜਾਣ ਵਾਲਾ ਮਿਮਿਟ ਸੰਸਥਾ ਦਾ ਪਹਿਲਾ ਵਿਦਿਆਰਥੀ ਹੈ। ਉਸ ਦੀ ਟ੍ਰੇਨਿੰਗ ਦੌਰਾਨ ਹੀ ਇਸ ਕੰਪਨੀ ਵਿੱਚ ਪਲੇਸਮੈਂਟ ਹੋਈ ਹੈ। ਉਕਤ ਕੰਪਨੀ ਆਰੀਅਨ ਨੂੰ ਸਾਲਾਨਾ 6 ਰੁਪਏ ਦਾ ਪੈਕੇਜ ਦੇਵੀਗੀ। ਸੰਸਥਾ ਦੇ ਇਨਫੋਰਮੇਸ਼ਨ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਬਿੰਦਰਾ ਅਤੇ ਆਈਟੀ ਵਿਭਾਗ ਦੇ ਟ੍ਰੇਨਿੰਗ ਐਂਡ ਪਲੇਸਮੈਂਟ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਾਲ ਵੀ ਆਈਟੀ ਵਿਭਾਗ ਦੇ ਲਗਪਗ ਸਾਰੇ ਯੋਗ ਵਿਦਿਆਰਥੀ ਪਲੇਸ ਹੋਏ ਹਨ ਅਤੇ ਕੁਝ ਵਿਦਿਆਰਥੀ ਆਪਣੀ ਉਚੇਰੀ ਸਿੱਖਿਆ ਲਈ ਯਤਨ ਕਰ ਰਹੇ ਹਨ। ਡਾ. ਜਸਕਰਨ ਸਿੰਘ ਭੁੱਲਰ ਨੇ ਆਰੀਅਨ ਕੁਮਾਰ ਦੀ ਇਸ ਕਾਮਯਾਬੀ ਲਈ ਆਰੀਅਨ ਕੁਮਾਰ ਨੂੰ ਉਸ ਦੇ ਮਾਪਿਆਂ ਨੂੰ ਆਈਟੀ ਵਿਭਾਗ ਅਤੇ ਸੰਸਥਾ ਦੇ ਟ੍ਰੇਨਿੰਗ ਐਂਡ ਪਲੇਸਮੈਂਟ ਵਿਭਾਗ ਨੂੰ ਵਧਾਈਆਂ ਦਿੱਤੀਆਂ।