ਤਪਾ ਮੰਡੀ (ਰੋਹਿਤ ਗੋਇਲ/ਸੀ. ਮਾਰਕੰਡਾ): ਇੱਥੇ ਪੈਸਿਆਂ ਖ਼ਾਤਰ ਪਰਵਾਸੀ ਮਜ਼ਦੂਰਾਂ ਵੱਲੋਂ ਆਪਣੇ ਹੀ ਸਾਥੀ ਦਾ ਕਤਲ ਕਰਨ ਦਾ ਮਾਮਲਾ ਤਪਾ ਪੁਲੀਸ ਵੱਲੋਂ ਸਾਹਮਣੇ ਲਿਆਂਦਾ ਗਿਆ ਹੈ। ਕਰੀਬ ਸਵਾ ਮਹੀਨਾ ਪਹਿਲਾਂ ਦੋ ਪਰਵਾਸੀ ਮਜ਼ਦੂਰਾਂ ਨੇ ਆਪਣੇ ਹੀ ਸਾਥੀ ਦਾ ਕਤਲ ਕਰ ਕੇ ਉਸਦੀ ਲਾਸ਼ ਪਿੰਡ ਢਿੱਲਵਾਂ ਨੇੜੇ ਡਰੇਨ ਵਿੱਚ ਦੱਬ ਦਿੱਤੀ ਸੀ, ਜਿਸ ਨੂੰ ਅੱਜ ਤਪਾ ਪੁਲੀਸ ਵੱਲੋਂ ਬਰਾਮਦ ਕੀਤਾ ਗਿਆ ਹੈ। ਥਾਣਾ ਤਪਾ ਦੇ ਐੱਸਐੱਚਓ ਸ਼ਰੀਫ ਖ਼ਾਨ ਨੇ ਦੱਸਿਆ ਕਿ ਬਿਹਾਰ ਦੇ ਪੂਰਨੀਆਂ ਜ਼ਿਲ੍ਹੇ ਦਾ ਨਿਵਾਸੀ ਅਕਸ਼ੇ ਕੁਮਾਰ ਆਪਣੇ ਸਾਥੀਆਂ ਸਮੇਤ ਝੋਨਾ ਲਗਾਉਣ ਲਈ ਪੰਜਾਬ ਆਇਆ ਸੀ, ਪਰੰਤੂ ਉਹ ਝੋਨਾ ਲਗਾਉਣ ਉਪਰੰਤ ਵਾਪਸ ਆਪਣੇ ਘਰ ਨਹੀਂ ਪਰਤਿਆ। ਉਸਦੇ ਪਰਿਵਾਰਕ ਮੈਂਬਰਾਂ ਨੇ ਨਾਲ ਦੇ ਸਾਥੀਆਂ ਨੂੰ ਅਕਸ਼ੇ ਸਬੰਧੀ ਪੁੱਛਿਆ ਤਾਂ ਪਰਿਵਾਰ ਨੂੰ ਕੋਈ ਤਸੱਲੀਬਖਸ਼ ਜਵਾਬ ਮਿਲਿਆ, ਜਿਸ ਤੋਂ ਬਾਅਦ ਅਕਸ਼ੇ ਦੇ ਪਰਿਵਾਰ ਨੇ ਪੂਰਨੀਆਂ ਪੁਲੀਸ ਕੋਲ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਉਸਦੇ ਸਾਥੀ ਬਿਹਾਰ ਤੋਂ ਫ਼ਰਾਰ ਹੋ ਗਏ। ਐੱਸਐੱਚਓ ਨੇ ਦੱਸਿਆ ਕਿ ਬਿਹਾਰ ਪੁਲੀਸ ਨੇ ਇਸ ਮਾਮਲੇ ਸਬੰਧੀ ਤਪਾ ਪੁਲੀਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੋ ਪਰਵਾਸੀਆਂ ਨੂੰ ਕਾਬੂ ਕੀਤਾ। ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਖੁਲਾਸਾ ਕੀਤਾ ਕਿ ਅਕਸ਼ੇ ਦਾ ਉਨ੍ਹਾਂ ਨਾਲ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਢਿੱਲਵਾਂ ਡਰੇਨ ਨਜ਼ਦੀਕ ਟੋਆ ਪੁੱਟ ਕੇ ਦੱਬ ਦਿੱਤੀ।
ਐੱਸਐੱਚਓ ਨੇ ਦੱਸਿਆ ਕਿ ਪੁਲੀਸ ਵੱਲੋਂ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਲਾਸ਼ ਲੱਭਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ ਮ੍ਰਿਤਕ ਦੀ ਪਤਨੀ ਸੰਗੀਤਾ ਦੇਵੀ, ਦਾਦਾ ਪੰਚਾ ਨੰਦ ਰਾਏ, ਮਿਤਕ ਦਾ ਭਰਾ ਰਾਜਕੁਮਾਰ, ਸਾਢੂ ਰਮੇਸ਼ ਰਾਏ ਵੀ ਹਾਜ਼ਰ ਸਨ। ਮ੍ਰਿਤਕ ਤਿੰਨ ਬੇਟੀਆਂ ਦਾ ਪਿਤਾ ਸੀ।