ਸਿਲਵਰ ਓਕਸ ਸਕੂਲ ਸੇਵੇਵਾਲਾ ਵਿੱਚ ਵਿਦਿਆਰਥੀਆਂ ਅਤੇ ਸਕੂਲ ਅਮਲੇ ਨੂੰ ਵਾਤਾਵਰਨ ਅਤੇ ਕੈਂਸਰ ਪ੍ਰਤੀ ਸੁਚੇਤ ਕਰਨ ਲਈ ਸੈਮੀਨਾਰ ਕੀਤਾ ਗਿਆ।
ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਕੋਟਕਪੁਰਾ ਗਰੁੱਪ ਆਫ਼ ਫੈਮਿਲੀਜ਼ ਬਰੈਂਪਟਨ ਦੇ ਇਸ ਸਾਂਝੇ ਤਰੱਦਦ ਦਾ ਆਗ਼ਾਜ਼ ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉੱਘੇ ਸਮਾਜ ਸੇਵੀ ਤੇ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਮੁੱਖ ਵਕਤਾ ਵਜੋਂ ਸੈਮੀਨਾਰ ਦੌਰਾਨ ਬੂਟੇ ਲਾਉਣ, ਪਾਣੀ ਦੀ ਸੰਭਾਲ ਕਰਨ, ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਆਲਾ-ਦੁਆਲਾ ਸਾਫ਼ ਰੱਖਣ ’ਤੇ ਜ਼ੋਰ ਦਿੱਤਾ। ਉਨ੍ਹਾਂ ਸਾਫ਼ ਵਾਤਾਵਰਨ ਨੂੰ ਸਿਹਤਮੰਦ ਭਵਿੱਖ ਦੀ ਬੁਨਿਆਦ ਦੱਸਿਆ। ਉਨ੍ਹਾਂ ਕੈਂਸਰ ਦਾ ਜ਼ਿਕਰ ਕਰਦਿਆਂ, ਇਸ ਬਿਮਾਰੀ ਦੇ ਮੁੱਢਲੇ ਲੱਛਣਾਂ, ਸਮੇਂ ਸਿਰ ਜਾਂਚ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਏ ਜਾਣ ਦੀ ਵਕਾਲਤ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਪ੍ਰਹੇਜ਼ ਕਰਕੇ ਸੰਤੁਲਿਤ ਖੁਰਾਕ ਲੈਣ ਲਈ ਪ੍ਰੇਰਿਆ, ਤਾਂ ਕਿ ਕੈਂਸਰ ਦੇ ਖ਼ਤਰੇ ਨੂੰ ਘਟਾਇਆ ਜਾ ਸਕੇ।
ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਨੇ ਗੁਰਿੰਦਰ ਸਿੰਘ ਮਹਿੰਦੀਰੱਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਨਰੋਏ ਸਮਾਜ ਅਤੇ ਦੇਸ਼ ਦੀ ਉਸਾਰੀ ਲਈ ਬੇਹੱਦ ਮਹੱਤਵਪੂਰਨ ਹਨ। ਪ੍ਰਿੰਸੀਪਲ ਨੇ ਗੁਰਿੰਦਰ ਸਿੰਘ ਮਹਿੰਦੀਰੱਤਾ ਤੇ ਸਹਾਇਕ ਵਰਿੰਦਰਪਾਲ ਸਿੰਘ ਅਰਨੇਜਾ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ।

