ਪ੍ਰੀਤਮ ਸਿੰਘ ਰਾਹੀ ਯਾਦਗਾਰੀ ਤੇ ਸਨਮਾਨ ਸਮਾਗਮ
ਲੇਖਕ ਕਰਮ ਸਿੰਘ ਜ਼ਖ਼ਮੀ, ਪ੍ਰਭਜੋਤ ਸੋਹੀ, ਹਰਭਜਨ ਖੇਮਕਰਨੀ, ਸੁਰਿੰਦਰ ਕੈਲੇ ਤੇ ਮਨਿੰਦਰ ਕੌਰ ਬੱਸੀ ਨੂੰ ਪੁਰਸਕਾਰ ਦਿੱਤੇ
ਲਿਖਾਰੀ ਸਭਾ ਬਰਨਾਲਾ ਅਤੇ ਪ੍ਰੋ. ਪ੍ਰੀਤਮ ਸਿੰਘ ਰਾਹੀ ਟਰੱਸਟ ਦੇ ਸਾਂਝੇ ਯਤਨਾਂ ਨਾਲ ਸਥਾਨਕ ਗੋਬਿੰਦ ਬਾਂਸਲ ਧਰਮਸ਼ਾਲਾ ਵਿੱਚ ਪ੍ਰੋ. ਪ੍ਰੀਤਮ ਸਿੰਘ ਰਾਹੀ ਯਾਦਗਾਰੀ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰੋ. ਸੁਰਜੀਤ ਜੱਜ ਪ੍ਰਧਾਨ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਨੇ ਕੀਤੀ ਅਤੇ ਮੁੱਖ ਮਹਿਮਾਨ ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਸਨ। ਸਭਾ ਦੇ ਪ੍ਰਧਾਨ ਡਾ. ਜੋਗਿੰਦਰ ਸਿੰਘ ਨਿਰਾਲਾ ਅਤੇ ਡਾ. ਰਾਹੁਲ ਰੁਪਾਲ ਨੇ ਦੱਸਿਆ ਕਿ ਹਰ ਵਰ੍ਹੇ ਹੋਣ ਵਾਲਾ ਇਹ ਪੰਦਰਵਾਂ ਸਮਾਗਮ ਹੈ। ਸਮਾਗਮ ਦੇ ਸ਼ੁਰੂਆਤੀ ਦੌਰ ਵਿੱਚ ਡਾ. ਅਰਵਿੰਦਰ ਕੌਰ ਕਾਕੜਾ, ਭੋਲਾ ਸਿੰਘ ਸੰਘੇੜਾ, ਦਰਸ਼ਨ ਸਿੰਘ ਪ੍ਰੀਤੀਮਾਨ, ਤੇਜਾ ਸਿੰਘ ਤਿਲਕ, ਰਜਨੀ ਰੁਪਾਲ ਕੈਨੇਡਾ, ਪ੍ਰੋ. ਸਿਮਰਜੀਤ ਕੌਰ, ਕਰਮਜੀਤ ਸਿੰਘ ਬਿੱਲੂ ਆਦਿ ਨੇ ਪ੍ਰੋ. ਪ੍ਰੀਤਮ ਸਿੰਘ ਰਾਹੀ ਦੇ ਜੀਵਨ ਕਾਵਿ ਫ਼ਲਸਫ਼ੇ ਉੱਪਰ ਚਾਨਣਾ ਪਾਇਆ। ਪ੍ਰਧਾਨਗੀ ਮੰਡਲ ਵਿਚਲੇ ਸੁਰਜੀਤ ਜੱਜ, ਪਵਨ ਹਰਚੰਦਪੁਰੀ ਤੇ ਸੁਰਜੀਤ ਬਰਾੜ ਆਦਿ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਰਾਹੀ ਨਾ ਕੇਵਲ ਉੱਚ ਪੱਧਰ ਦਾ ਕਵੀ ਸੀ ਸਗੋਂ ਸਰਬਾਂਗੀ ਸ਼ਖ਼ਸੀਅਤ ਵੀ ਸੀ। ਇਸ ਦੌਰਾਨ ਸਰਵਸਿਰੀ ਕਰਮ ਸਿੰਘ ਜ਼ਖ਼ਮੀ ਨੂੰ ਪ੍ਰੋ. ਪ੍ਰੀਤਮ ਸਿੰਘ ਰਾਹੀ ਗ਼ਜ਼ਲ ਪੁਰਸਕਾਰ-2025, ਪ੍ਰਭਜੋਤ ਸੋਹੀ ਨੂੰ ਪ੍ਰੋ. ਪ੍ਰੀਤਮ ਸਿੰਘ ਰਾਹੀ ਕਵਿਤਾ ਪੁਰਸਕਾਰ, ਸੁਰਿੰਦਰ ਕੈਲੇ ਨੂੰ ਸਾਹਿਤ ਸੰਪਾਦਕ ਐਵਾਰਡ, ਹਰਭਜਨ ਖੇਮਕਰਨੀ ਨੂੰ ਜੀਵਨ ਭਰ ਦੀਆਂ ਸਾਹਿਤਕ ਪ੍ਰਾਪਤੀਆਂ ਪੁਰਸਕਾਰ, ਮਨਿੰਦਰ ਕੌਰ ਬੱਸੀ ਨੂੰ ਸਰਦਾਰਨੀ ਹਰਿਲਾਭ ਕੌਰ ਪੁਰਸਕਾਰ-2025 ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਨਵ ਪ੍ਰਤਿਭਾ ਪੁਰਸਕਾਰ-2025 ਕ੍ਰਮਵਾਰ ਦਵਿੰਦਰ ਕੌਰ ਦੀਪ (ਬਰਨਾਲਾ), ਅਮਨਦੀਪ ਕੌਰ (ਬਠਿੰਡਾ), ਰਾਜਿੰਦਰ ਸਿੰਘ ਰਾਜਨ (ਸੰਗਰੂਰ), ਚਰਨਜੀਤ ਸਮਾਲਸਰ ਅਤੇ ਅੰਮਿ੍ਰਤਪਾਲ ਕੌਰ ਕਲੇਰ (ਭਗਤਾ ਪਾਈ ਕਾ) ਸਨਮਾਨ ਪ੍ਰਦਾਨ ਕੀਤਾ ਗਿਆ। ਇਸ ਮੌਕੇ ‘ਮੁਹਾਂਦਰਾ’ ਦਾ ਤ੍ਰੈ-ਮਾਸਕ (ਅਕਤੂਬਰ-ਦਸੰਬਰ 2025) ਅਤੇ ਹਰਦੀਪ ਕੌਰ ਬਾਵਾ ਦਾ ਨਾਵਲ ‘ਇਕ ਹੋਰ ਰੇਪ ਕੇਸ’ ਵੀ ਲੋਕ ਅਰਪਣ ਕੀਤਾ ਗਿਆ। ਵਿਸ਼ਾਲ ਕਵੀ ਦਰਬਾਰ ਵੀ ਕਰਵਾਇਆ ਗਿਆ।

