ਮੇਘਾ ਰਾਏ ਉਤਾੜ ’ਚ ਰਾਏ ਸਿੱਖ ਸੰਮੇਲਨ
ਭਾਈਚਾਰੇ ਨਾਲ ਸਬੰਧਤ ਸਿਆਸੀ ਆਗੂਆਂ ਨੇ ਕੀਤੀ ਸ਼ਿਰਕਤ; ਸਮਾਜ ਨੂੰ ਨਸ਼ਾ ਮੁਕਤ ਕਰਨ ’ਤੇ ਜ਼ੋਰ
ਰਾਏ ਸਿੱਖ ਸਮਾਜ ਸੁਧਾਰ ਦਾ 18ਵਾਂ ਰਾਏ ਸਿੱਖ ਸੰਮੇਲਨ ਹਲਕਾ ਗੁਰੂਹਰਸਹਾਏ ਦੇ ਪਿੰਡ ਮੇਘਾ ਰਾਏ ਉਤਾੜ ਵਿੱਚ ਰਾਏ ਸਿੱਖ ਸਮਾਜ ਸੁਧਾਰ ਸਭਾ ਦੇ ਪੰਜਾਬ ਪ੍ਰਧਾਨ ਕਾਮਰੇਡ ਹੰਸਾ ਸਿੰਘ ਦੀ ਅਗਵਾਈ ਵਿੱਚ ਮਨਾਇਆ ਗਿਆ। ਇਸ ਵਿੱਚ ਰਾਏ ਸਿੱਖ ਸਮਾਜ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਫ਼ਿਰੋਜ਼ਪੁਰ, ਵਿਧਾਇਕ ਫੌਜਾ ਸਿੰਘ ਸਰਾਰੀ, ਵਿਧਾਇਕ ਨਰਿੰਦਰ ਸਿੰਘ, ਸਾਬਕਾ ਸੰਸਦ ਮੈਂਬਰ ਮਨਮੋਹਨ ਸਿੰਘ ਫਲੀਆ ਵਾਲਾਂ, ਪੂਰਨ ਮਜੈਦੀਆ, ਡਾ. ਰਾਜ ਸਿੰਘ ਡਿੱਬੀਪੁਰਾ, ਮਹਿੰਦਰ ਸਿੰਘ ਕਚੂਰਾ, ਮੁਖਤਿਆਰ ਸਿੰਘ, ਬਲਕਾਰ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਵੱਖ-ਵੱਖ ਆਗੂਆਂ ਅਤੇ ਹੰਸਾ ਸਿੰਘ ਨੇ ਕਿਹਾ ਕਿ ਸਮਾਜ ਨੂੰ ਨਸ਼ਾ ਮੁਕਤ ਕਰਨ, ਸਮਾਜ ਨੂੰ ਕਿੱਤਾ ਮੁਖੀ ਸਿੱਖਿਆ ਲਈ ਜਾਗਰੂਕ ਕਰਨ ਸਣੇ ਹੋਰ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਸਣੇ ਬਰਾਦਰੀ ਦੇ ਘਰੇਲੂ ਅਤੇ ਆਪਸੀ ਮਸਲੇ ਮਿਲ ਬੈਠ ਕੇ ਹੱਲ ਕਰਨ ’ਤੇ ਜ਼ੋਰ ਦੇਣਾ ਚਾਹੀਦਾ ਹੈ। ਇਸ ਮੌਕੇ ਰਾਏ ਸਿੱਖ ਬਰਾਦਰੀ ਦੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ, ਬਲਾਕ ਸਮਿਤੀ ਮੈਂਬਰ, ਸਰਪੰਚ, ਪੰਚ, ਨੰਬਰਦਾਰ ਅਤੇ ਵੱਖ ਵੱਖ ਕਮੇਟੀਆਂ ਦੇ ਮੈਂਬਰ ਵੱਡੀ ਗਿਣਤੀ ਵਿੱਚ ਪਹੁੰਚੇ।
ਇਸ ਮੌਕੇ ਵਿਧਾਇਕ ਨਰਿੰਦਰ ਪਾਲ ਨੇ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਲਈ ਹਰ ਸੰਭਵ ਮੱਦਦ ਦਾ ਭਰੋਸਾ ਦਿਵਾਇਆ। ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਸਾਨੂੰ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਪੁਲੀਸ ਚੌਕੀ ਘੁਬਾਇਆ ਵਿੱਚ ਕਥਿਤ ਪੁਲੀਸ ਤਸ਼ੱਦਦ ਕਾਰਨ ਨੌਜਵਾਨ ਦੀ ਮੌਤ ਤੇ ਮੋਹਣ ਕੇ ਉਤਾੜ ਵਿੱਚ ਕੁੱਟਮਾਰ ਦੌਰਾਨ ਕਤਲ ਹੋਏ ਨੌਜਵਾਨ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਭਰੋਸਾ ਦਿੱਤਾ। ਵਿਧਾਇਕ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਸਾਨੂੰ ਆਪਣੇ ਸਮਾਜ ਨੂੰ ਨਸ਼ਾ ਮੁਕਤ ਕਰਨਾ ਚਾਹੀਦਾ ਹੈ।