‘ਵੰਦੇ ਭਾਰਤ’ ਦਾ ਬਰਨਾਲਾ ’ਚ ਠਹਿਰਾਅ ਨਾ ਹੋਣ ਕਾਰਨ ਮੀਤ ਹੇਅਰ ਖਫ਼ਾ
ਇਲਾਕੇ ਦੇ ਲੋਕਾਂ ਨਾਲ ਰੇਲਵੇ ਸਟੇਸ਼ਨ ’ਤੇ ਧਰਨਾ ਦੇਣ ਦੀ ਚਿਤਾਵਨੀ; ਸਰਦ ਰੁੱਤ ਸੈਸ਼ਨ ’ਚ ਕੰਮ ਰੋਕੂ ਮਤਾ ਲਿਆਉਣ ਦਾ ਐਲਾਨ
ਫ਼ਿਰੋਜ਼ਪੁਰ-ਦਿੱਲੀ ਵਿਚਕਾਰ ਅੱਜ ਚਲਾਈ ‘ਵੰਦੇ ਭਾਰਤ’ ਰੇਲ ਗੱਡੀ ਦਾ ਬਰਨਾਲਾ ’ਚ ਠਹਿਰਾਅ ਨਾ ਹੋਣ ਕਾਰਨ ਸੰਸਦ ਮੈਂਬਰ ਮੀਤ ਹੇਅਰ ਖਫ਼ਾ ਹਨ। ਉਨ੍ਹਾਂ ਆਖਿਆ ਕਿ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਭਰੋਸਾ ਦੇਣ ਦੇ ਬਾਵਜੂਦ ਰੇਲਗੱਡੀ ਦਾ ਠਹਿਰਾਅ ਕਰ ਕੇ ਕੇਂਦਰੀ ਭਾਜਪਾ ਸਰਕਾਰ ਨੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ।
ਮੀਤ ਹੇਅਰ ਨੇ ਕਿਹਾ ਕਿ ਕੇਂਦਰੀ ਮੰਤਰੀ ਨੇ ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਰੇਲਗੱਡੀ ਦਾ ਬਰਨਾਲਾ ਵਿੱਚ ਠਹਿਰਾਅ ਕਰਨ ਦਾ ਵਾਅਦਾ ਕੀਤਾ ਜੋ ਵਫ਼ਾ ਨਹੀਂ ਹੋਇਆ। ਉਨ੍ਹਾਂ ਆਖਿਆ ਕਿ ਰੇਲਗੱਡੀ ਦਾ ਇਥੇ ਠਹਿਰਾਅ ਨਾ ਹੋਣ ਕਾਰਨ ਨਾ ਸਿਰਫ ਬਰਨਾਲਾ ਸਗੋਂ ਧਨੌਲਾ, ਨਿਹਾਲ ਸਿੰਘ ਵਾਲਾ, ਮਹਿਲ ਕਲਾਂ, ਭਦੌੜ, ਬਡਬਰ, ਪੱਖੋਕਲਾਂ ਆਦਿ ਕਸਬੇ ਤੇ ਪਿੰਡਾਂ ਦੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਰੇਲਵੇ ਮੰਤਰੀ ਦਫ਼ਤਰ ਨਾਲ ਰਾਬਤਾ ਕਾਇਮ ਕਰਕੇ ਇਸ ਸਬੰਧੀ ਪੁੱਛਿਆ ਵੀ ਹੈ ਜਿਸ ਦੇ ਜਵਾਬ 'ਚ ਮੰਤਰਾਲੇ ਨੇ ਹਫ਼ਤੇ ਅੰਦਰ ਬਰਨਾਲਾ ਠਹਿਰਾਅ ਕਰਨ ਦਾ ਭਰੋਸਾ ਦਿਵਾਇਆ ਸੀ। ਇਸ 'ਤੇ ਹੇਅਰ ਨੇ ਕਿਹਾ ਕਿ ਉਹ ਰੇਲਵੇ ਨੂੰ ਪਹਿਲੀ ਦਸੰਬਰ ਤੱਕ ਦਾ ਸਮਾਂ ਦਿੰਦੇ ਹਨ। ਜੇਕਰ ਬਰਨਾਲਾ ਵਿਖੇ ਗੱਡੀ ਨਾ ਰੁਕਣ ਲੱਗੀ ਤਾਂ ਆਗਾਮੀ ਸਰਦ ਰੁੱਤ ਸੈਸ਼ਨ ਦੌਰਾਨ ਪਾਰਲੀਮੈਂਟ ਕੰਮ ਰੋਕੂ ਮਤਾ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਕ ਦਸੰਬਰ ਤੋਂ ਬਾਅਦ ਬਰਨਾਲਾ ਸਟੇਸ਼ਨ ’ਤੇ ਹਲਕਾ ਨਿਵਾਸੀਆਂ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਤੇ ਇਥੇ ਰੇਲਗੱਡੀ ਦਾ ਠਹਿਰਾਅ ਕਰਵਾਇਆ ਜਾਵੇਗਾ।

