ਯੂਥ ਲਾਇਬਰੇਰੀ ’ਚ ਗੁਰਦੀਪ ਸਿੰਘ ਢਿੱਲੋਂ ਨਾਲ ਰੂਬਰੂ
ਜ਼ਿਲ੍ਹਾ ਭਾਸ਼ਾ ਵਿਭਾਗ ਮਾਨਸਾ ਵੱਲੋਂ ਜ਼ਿਲ੍ਹੇ ਦੇ ਪਿੰਡ ਭੁਪਾਲ ਦੇ ਵਸਨੀਕ ਪ੍ਰੋਫੈਸਰ ਗੁਰਦੀਪ ਸਿੰਘ ਢਿੱਲੋਂ ਨੂੰ ਆਲੋਚਨਾ ਦੇ ਖੇਤਰ ਵਿਚ ਡਾ. ਅਤਰ ਸਿੰਘ ਪੁਰਸਕਾਰ ਨਾਲ ਨਿਵਾਜਣ ਤੋਂ ਬਾਅਦ ਅੱਜ ਇਥੇ ਉਨ੍ਹਾਂ ਦਾ ਰੂ-ਬ-ਰੂ ਕਰਵਾਇਆ ਗਿਆ। ਉਨ੍ਹਾਂ ਆਪਣੇ ਬਚਪਨ, ਮਿੱਟੀ ਨਾਲ ਜੁੜੇ ਹੋਣ ਦੀਆਂ ਗੱਲਾਂ ਅਤੇ ਜੀਵਨ ਦੇ ਸਫਰ ਬਾਰੇ ਵਿਦਿਆਰਥੀਆਂ ਨਾਲ ਗੱਲਾਂ ਸਾਂਝੀਆਂ ਕੀਤੀਆਂ।
ਜ਼ਿਲ੍ਹਾ ਲਾਇਬਰੇਰੀ ਵਿੱਚ ਕਰਵਾਏ ਸਮਾਗਮ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਿਰੜ ਅਤੇ ਸਿਦਕ ਸਦਕਾ ਜ਼ਿੰਦਗੀ ਵਿਚ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ, ਆਪਣੀ ਭਾਸ਼ਾ ਨਾਲ ਜੁੜਨ ਅਤੇ ਕੋਈ ਉਦੇਸ਼ ਜਾਂ ਮੰਜ਼ਿਲ ਮਿਥਣ ਦੀ ਸਿੱਖਿਆ ਦਿੱਤੀ। ਉਨ੍ਹਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨਾਲ ਵਿਸ਼ੇਸ਼ ਨੁਕਤੇ ਸਾਂਝੇ ਕੀਤੇ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ, ਗਗਨਦੀਪ ਕੌਰ, ਬਲਦੀਪ ਸਿੰਘ ਤੇ ਗੁਰਦੀਪ ਸਿੰਘ, ਕਿਰਨਦੀਸ਼ ਕੌਰ, ਗਗਨਦੀਪ ਕੌਰ, ਹਰਪ੍ਰੀਤ ਸਿੰਘ ਤੇ ਰਿੰਪੀ ਕੌਰ ਮੌਜੂਦ ਸਨ।