ਮੈਡੀਕਲ ਟੀਮਾਂ ਵੱਲੋਂ ਰਾਹਤ ਕੈਂਪਾਂ ਦਾ ਨਿਰੀਖਣ
ਹੜ੍ਹਾਂ ਕਾਰਨ ਘਰਾਂ ’ਚੋਂ ਰਾਹਤ ਕੈਂਪ ਵਿੱਚ ਸਿਫ਼ਟ ਕੀਤੇ ਲੋਕਾਂ ਦੀ ਸਿਹਤ ਦਾ ਮੁਆਇਨਾ ਕਰਨ ਲਈ ਡਿਪਟੀ ਕਮਿਸ਼ਨਰ ਨਵਜੋਤ ਕੌਰ ਦੇ ਆਦੇਸ਼ਾਂ ’ਤੇ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਦੀ ਅਗਵਾਈ ਹੇਠ ਟੀਮਾਂ ਨੇ ਅੱਜ ਹੜ੍ਹ ਪੀੜਤਾਂ ਦਾ ਡਾਕਟਰੀ ਮੁਆਇਨਾ ਕੀਤਾ ਗਿਆ। ਇਸ ਟੀਮ ਵੱਲੋਂ ਹੜ੍ਹ ਬਚਾਓ ਕਾਰਜਾਂ ਵਿੱਚ ਜੁੱਟੇ ਨੌਜਵਾਨਾਂ ਦਾ ਵੀ ਚੈਕਅੱਪ ਕੀਤਾ ਗਿਆ।
ਸਿਹਤ ਵਿਭਾਗ ਮਾਨਸਾ ਦੀਆਂ ਟੀਮਾਂ ਵੱਲੋਂ ਹੜ੍ਹ ਮਾਰੇ ਪਿੰਡ ਖੱਤਰੀਵਾਲਾ ਵਿੱਚ ਢਾਣੀ ’ਚ ਪਾਣੀ ਜ਼ਿਆਦਾ ਹੋਣ ਕਾਰਨ, ਜੋ ਲੋਕ ਗੁਰੂਘਰਾਂ ਤੇ ਧਰਮਸ਼ਾਲਾ ਵਿੱਚ ਸਿਫ਼ਟ ਹੋਏ ਹਨ, ਉਨ੍ਹਾਂ ਦਾ ਰੈਗੂਲਰ ਡਾਕਟਰੀ ਮੁਆਇਨਾ ਕਰਨ ਲਈ ਇੱਕ ਪੱਕੇ ਤੌਰ ਮੈਡੀਕਲ ਟੀਮ ਦਾ ਗਠਨ ਕੀਤਾ ਗਿਆ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਭਰ ਦੇ ਹੜ੍ਹ ਪੀੜਤਾਂ ਦੀ ਸਿਹਤਯਾਬੀ ਲਈ ਲੱਗੇ ਡਾਕਟਰਾਂ ਨੂੰ ਆਦੇਸ਼ ਕੀਤੇ ਹਨ ਕਿ ਇਸ ਕੁਦਰਤੀ ਆਫ਼ਤ ਦੌਰਾਨ ਹਰ ਸੰਭਵ ਮਦਦ ਲਈ ਲੋੜੀਦੇ ਪ੍ਰਬੰਧਾਂ ’ਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਹੜ੍ਹਾਂ ਦੀ ਸਥਿਤੀ ਦੌਰਾਨ ਕਿਸੇ ਵੀ ਅਧਿਕਾਰੀ/ਕਰਮਚਾਰੀ ਨੂੰ ਛੁੱਟੀ ਨਾ ਲੈਣ ਦੀ ਹਦਾਇਤ ਕੀਤੀ। ਇਸ ਉਪਰੰਤ ਬਰੇਟਾ ਦੇ ਵਾਰਡ ਨੰਬਰ-4 ਵਿੱਚ ਚੱਲ ਰਹੇ ਮੈਡੀਕਲ ਕੈਂਪ ਦਾ ਜਾਇਜ਼ਾ ਲਿਆ ਗਿਆ। ਮੈਡੀਕਲ ਟੀਮ ਨੂੰ ਲਗਾਤਾਰ ਡਿਊਟੀ ਕਰਨ ਅਤੇ ਸੰਪੂਰਨ ਤੌਰ ’ਤੇ ਦਵਾਈਆਂ ਦੇ ਪ੍ਰਬੰਧ ਰੱਖਣ ਦੀ ਹਦਾਇਤ ਕੀਤੀ।