ਡਰੱਗ ਵਿਭਾਗ ਅਤੇ ਕਾਲਾਂਵਾਲੀ ਪੁਲੀਸ ਵੱਲੋਂ ਮੈਡੀਕਲ ਸਟੋਰ ਅਤੇ ਮੈਡੀਕਲ ਅਪਰੇਟਰ ਦੇ ਘਰ ਤੋਂ ਵੱਡੀ ਮਾਤਰਾ ਵਿੱਚ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਮਿਲਣ ਤੋਂ ਬਾਅਦ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ। ਰਾਤ ਸਮੇਂ ਕਈ ਘੰਟੇ ਚੱਲੇ ਇਸ ਅਪਰੇਸ਼ਨ ਵਿੱਚ ਮੈਡੀਕਲ ਸਟੋਰ ਅਤੇ ਮੈਡੀਕਲ ਅਪਰੇਟਰ ਦੇ ਘਰ ਤੋਂ ਹਜ਼ਾਰਾਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਗਏ। ਚੌਕੀ ਇੰਚਾਰਜ ਤਾਰਾ ਚੰਦ ਨੇ ਦੱਸਿਆ ਕਿ ਮਹੱਤਵਪੂਰਨ ਜਾਣਕਾਰੀ ਦੇ ਆਧਾਰ ’ਤੇ, ਉਨ੍ਹਾਂ ਨੇ ਆਪਣੀ ਟੀਮ ਅਤੇ ਡਰੱਗ ਕੰਟਰੋਲਰ ਕੇਸ਼ਵ ਵਸ਼ਿਸ਼ਟ ਦੀ ਟੀਮ ਨਾਲ ਮੰਡੀ ਕਾਲਾਂਵਾਲੀ ਦੇ ਵਾਰਡ 15 ਵਿੱਚ ਦੋ ਘਰਾਂ ’ਤੇ ਛਾਪਾ ਮਾਰਿਆ ਅਤੇ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਗੋਲੀਆਂ ਅਤੇ ਕੈਪਸੂਲਾਂ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ, ਜਿਸ ਵਿੱਚ ਟੈਪੈਂਟਾਡੋਲ ਦੀਆਂ 13,340 ਗੋਲੀਆਂ, ਕੈਲਿਨਡੋਲ ਦੀਆਂ 990 ਗੋਲੀਆਂ, ਜ਼ੋਪਿਕਲੋਨ ਦੀਆਂ 900 ਗੋਲੀਆਂ, ਨੇਫੋਪੈਮ ਦੀਆਂ 280 ਗੋਲੀਆਂ ਅਤੇ ਪ੍ਰੀਗਾਬਾਲਿਨ ਦੀਆਂ 35,490 ਕੈਪਸੂਲ ਬਰਾਮਦ ਕੀਤੇ ਗਏ। ਇਹ ਦੋਵੇਂ ਘਰ ਇੱਕ ਮੈਡੀਕਲ ਅਪਰੇਟਰ ਦੇ ਹਨ। ਉਹ ਆਪਣੀ ਦੁਕਾਨ ’ਚ ਇਹ ਦਵਾਈਆਂ ਗੈਰ-ਕਾਨੂੰਨੀ ਢੰਗ ਨਾਲ ਵੇਚਦਾ ਸੀ। ਉਕਤ ਦਵਾਈਆਂ ਦੀ ਬਰਾਮਦਗੀ ਤੋਂ ਬਾਅਦ ਮੈਡੀਕਲ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਗੋਲੀਆਂ ਅਕਸਰ ਨਸ਼ੇੜੀਆਂ ਦੁਆਰਾ ਲਈਆਂ ਜਾਂਦੀਆਂ ਹਨ, ਅਤੇ ਉਕਤ ਗੋਲੀਆਂ ਐਨਡੀਪੀਐਸ ਐਕਟ ਅਧੀਨ ਨਹੀਂ ਆਉਂਦੀਆਂ। ਅਜਿਹੀਆਂ ਗੋਲੀਆਂ ਅਤੇ ਕੈਪਸੂਲ ਡਰੱਗ ਅਤੇ ਕਾਸਮੈਟਿਕ ਐਕਟ ਅਧੀਨ ਆਉਂਦੀਆਂ ਹਨ ਪਰ ਐਨਡੀਪੀਐਸ ਐਕਟ ਅਧੀਨ ਨਹੀਂ ਆਉਂਦੀਆਂ, ਇਸ ਲਈ ਇਹ ਗੋਲੀਆਂ ਅਕਸਰ ਨਸ਼ੇ ਲਈ ਵਰਤੀਆਂ ਜਾਂਦੀਆਂ ਹਨ। ਨਸ਼ਾ ਤਸਕਰ ਉਕਤ ਗੋਲੀਆਂ ਅਤੇ ਕੈਪਸੂਲਾਂ ਨੂੰ ਨਸ਼ੇ ਲਈ ਵਰਤ ਰਹੇ ਹਨ।