ਕਿਸਾਨਾਂ ਨੂੰ ਨਿਗੂਣਾ ਮੁਆਵਜ਼ਾ ਨਿਰਾ ਮਖੌਲ: ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜਨਾਲਾ ਹਲਕੇ ਦੇ ਹੜ੍ਹ ਪ੍ਰਭਾਵਤ ਕਿਸਾਨਾਂ ਲਈ 500 ਕੁਇੰਟਲ ਸਰਟੀਫਾਈਡ ਕਣਕ ਬੀਜ ਦੇ ਟਰੱਕ ਇੱਥੋਂ ਪਾਰਟੀ ਦਫ਼ਤਰ ਤੋਂ ਰਵਾਨਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਰਫ਼ 1.16 ਕਰੋੜ ਰੁਪਏ ਦੇ ਮੁਆਵਜ਼ੇ...
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜਨਾਲਾ ਹਲਕੇ ਦੇ ਹੜ੍ਹ ਪ੍ਰਭਾਵਤ ਕਿਸਾਨਾਂ ਲਈ 500 ਕੁਇੰਟਲ ਸਰਟੀਫਾਈਡ ਕਣਕ ਬੀਜ ਦੇ ਟਰੱਕ ਇੱਥੋਂ ਪਾਰਟੀ ਦਫ਼ਤਰ ਤੋਂ ਰਵਾਨਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਰਫ਼ 1.16 ਕਰੋੜ ਰੁਪਏ ਦੇ ਮੁਆਵਜ਼ੇ ਨੂੰ ਕਿਸਾਨਾਂ ਨਾਲ ਮਖੌਲ ਕਰਾਰ ਦਿੱਤਾ।
ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਸਿਰਫ਼ 580 ਏਕੜ ਰਕਬੇ ਲਈ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਗਿਆ ਹੈ, ਜਦੋਂ ਕਿ ਹਕੀਕਤ ਵਿੱਚ ਹਜ਼ਾਰਾਂ ਏਕੜ ਰਕਬੇ ਦੀ ਫਸਲ ਬਰਬਾਦ ਹੋਈ ਹੈ। ਘਰਾਂ ਅਤੇ ਪਸ਼ੂਆਂ ਦੇ ਨੁਕਸਾਨ ਸਣੇ ਕੁੱਲ 5.70 ਕਰੋੜ ਰੁਪਏ 631 ਲਾਭਪਾਤਰੀਆਂ ਨੂੰ ਦਿੱਤੇ ਜਾਣ ਨੂੰ ਉਨ੍ਹਾਂ ਨੇ ਬੇਇਨਸਾਫ਼ੀ ਕਿਹਾ। ਉਨ੍ਹਾਂ ਨੇ ਬਠਿੰਡਾ ਦਿਹਾਤੀ ਹਲਕੇ ਦੇ ਅਕਾਲੀ ਵਰਕਰਾਂ ਵੱਲੋਂ ਹੜ੍ਹ ਮਾਰੇ ਕਿਸਾਨਾਂ ਲਈ ਇਕੱਤਰ ਕੀਤਾ ਸਰਟੀਫਾਈਡ ਬੀਜ ਪੜਾਅਵਾਰ ਤਰੀਕੇ ਨਾਲ ਸਾਰੇ ਪ੍ਰਭਾਵਤ ਇਲਾਕਿਆਂ ’ਚ ਭੇਜਣ ਦਾ ਐਲਾਨ ਕੀਤਾ। ਸ੍ਰੀ ਬਾਦਲ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਸਰਕਾਰ ਸੂਬੇ ਦੇ ਹੱਕਾਂ ਦੀ ਰੱਖਿਆ ਕਰਨ ਵਿੱਚ ਅਸਫ਼ਲ ਰਹੀ ਹੈ ਅਤੇ ਬੀ.ਬੀ.ਐਮ.ਬੀ. ਵਿੱਚ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਮੈਂਬਰ ਸ਼ਾਮਲ ਕਰਨ ਦੀ ਕੇਂਦਰੀ ਤਜਵੀਜ਼ ’ਤੇ ਚੁੱਪ ਹੈ। ਉਨ੍ਹਾਂ ਕਿਹਾ ਕਿ ਬੀ.ਬੀ.ਐਮ.ਬੀ. ਦੀਆਂ 60 ਫ਼ੀਸਦੀ ਖਾਲੀ ਅਸਾਮੀਆਂ ਨਾ ਭਰਨਾ ਤੇ ਡੈਮ ਸੁਰੱਖਿਆ ਸੀ.ਆਈ.ਐੱਸ.ਐੱਫ. ਦੇ ਹਵਾਲੇ ਨਾ ਕਰਨਾ ‘ਆਪ‘ ਸਰਕਾਰ ਦੀ ਨਾਕਾਮੀ ਦਰਸਾਉਂਦਾ ਹੈ। ਏ.ਡੀ.ਜੀ.ਪੀ. ਵਾਈ. ਪੂਰਨ ਸਿੰਘ ਦੀ ਖੁਦਕੁਸ਼ੀ ਮਾਮਲੇ ’ਤੇ ਸੁਖਬੀਰ ਬਾਦਲ ਨੇ ਮੰਗ ਕੀਤੀ ਕਿ ਖੁਦਕੁਸ਼ੀ ਨੋਟ ਵਿੱਚ ਜਿਨ੍ਹਾਂ ਪੁਲੀਸ ਅਫਸਰਾਂ ਦੇ ਨਾਮ ਹਨ, ਉਨ੍ਹਾਂ ਸਭ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇ। ਉਨ੍ਹਾਂ ਕਿਹਾ ਕਿ ਜੇ ਹਰਿਆਣਾ ਸਰਕਾਰ ਵੱਲੋਂ ਕਾਰਵਾਈ ਨਾ ਕੀਤੀ ਗਈ ਤਾਂ ਇਹ ਸਪੱਸ਼ਟ ਹੋਵੇਗਾ ਕਿ ਉਹ ਆਪਣੇ ਅਫਸਰਾਂ ਨੂੰ ਬਚਾਅ ਰਹੀ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਜਗਸੀਰ ਕਲਿਆਣ, ਉਪ ਪ੍ਰਧਾਨ ਬਲਕਾਰ ਬਰਾੜ ਅਤੇ ਬਠਿੰਡਾ (ਸ਼ਹਿਰੀ) ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਵੀ ਹਾਜ਼ਰ ਸਨ।