ਮਜ਼ਦੂਰ ਮੁਕਤੀ ਮੋਰਚਾ ਵੱਲੋਂ ਮਨਰੇਗਾ ਕੰਮ ਬੰਦ ਕਰਨ ਖ਼ਿਲਾਫ਼ ਮੁਜ਼ਾਹਰਾ
ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਮਨਰੇਗਾ ਕੰਮਾਂ ਬਹਾਲੀ ਲਈ ਮਤਾ ਪਾਸ ਕਰਨ ਦੀ ਮੰਗ
ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਮਨਰੇਗਾ ਕੰਮਾਂ ਨੂੰ ਬੰਦ ਕਰਨ ਖਿਲਾਫ਼ ਇਥੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫ਼ਤਰ ਅੱਗੇ ਲਾਇਆ ਪੱਕਾ ਮੋਰਚਾ 40ਵੇਂ ਦਿਨ ਵੀ ਜਾਰੀ ਰਿਹਾ। ਜਥੇਬੰਦੀ ਵੱਲੋਂ ਐਲਾਨ ਕੀਤਾ ਕਿ 29 ਸਤੰਬਰ ਨੂੰ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਮਜ਼ਦੂਰ ਠੰਢੇ ਚੁੱਲ੍ਹੇ ਤੇ ਖਾਲੀ ਪ੍ਰਾਤਾਂ ਨਾਲ ਪਿੱਟ ਸਿਆਪਾ ਕੀਤਾ ਜਾਵੇਗਾ।
ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਉਹ ਪਿਛਲੇ 40 ਦਿਨਾਂ ਤੋਂ ਬੰਦ ਪਏ ਮਨਰੇਗਾ ਕੰਮਾਂ ਨੂੰ ਬਹਾਲ ਕਰਵਾਉਣ ਲਈ ਧਰਨੇ ’ਤੇ ਬੈਠੇ ਹੋਏ ਹਨ, ਪ੍ਰੰਤੂ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਾਰ ਨਹੀਂ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਦੇ ਨਾਂ ’ਤੇ ਇਕੱਠੇ ਹੋਏ ਫੰਡ ਵਿੱਚੋਂ ਬੇਜ਼ਮੀਨੇ ਮਜ਼ਦੂਰਾਂ ਲਈ ਕਿੰਨਾ ਰੱਖਿਆ ਸਪੱਸ਼ਟ ਕਰੇ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਮਨਰੇਗਾ ਕੰਮਾਂ ਨੂੰ ਬੰਦ ਕਰਕੇ ਮਜ਼ਦੂਰਾ ਨਾਲ਼ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਮਨਰੇਗਾ ਦੇ ਕੰਮ ਬੰਦ ਕਰਨ ਖਿਲਾਫ ਅਕਾਲੀ, ਕਾਂਗਰਸੀ ਲੀਡਰ ਨੇ ਵੀ ਚੁੱਪ ਵੱਟੀ ਹੋਈ ਹੈ ਅਤੇ ਇਸ ਲਈ ਅਕਾਲੀ,ਕਾਂਗਰਸੀ ਲੀਡਰ ਮਜ਼ਦੂਰਾਂ ਤੋਂ ਮਨਰੇਗਾ ਰੁਜ਼ਗਾਰ ਖੋਹਣ ਦੇ ਮੁੱਦੇ ’ਤੇ ਆਪਣਾ ਸਟੈਂਡ ਸਪੱਸ਼ਟ ਕਰਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਮਨਰੇਗਾ ਦੇ ਕੰਮਾਂ ਨੂੰ ਮੁੜ ਬਹਾਲੀ ਲਈ ਮਤਾ ਪਾਸ ਕਰਨ। ਇਸ ਜਰਨੈਲ ਸਿੰਘ ਮਾਨਸਾ, ਗੁਲਾਬ ਸਿੰਘ ਖੀਵਾ, ਸੁਖਦੇਵ ਸਿੰਘ ਮਾਨਸਾ ਖੁਰਦ, ਬਲਦੇਵ ਸਿੰਘ ਠੂਠਿਆਂਵਾਲੀ, ਸੁਖਪਾਲ ਕੌਰ ਅਤਲਾ ਖੁਰਦ ਨੇ ਵੀ ਸੰਬੋਧਨ ਕੀਤਾ।