ਮਜ਼ਦੂਰ ਮੁਕਤੀ ਮੋਰਚਾ ਵੱਲੋਂ ਪੀੜਤ ਨੂੰ ਇਨਸਾਫ਼ ਦਿਵਾਉਣ ਲਈ ਰੈਲੀ
ਜਬਰ ਵਿਰੋਧੀ ਮਾਰਚ ਕਰ ਕੇ ਐੱਸ ਐੱਸ ਪੀ ਮਾਨਸਾ ਨੂੰ ਮੰਗ ਪੱਤਰ ਦੇਣ ਦਾ ਐਲਾਨ
ਪਿੰਡ ਅੱਕਾਂਵਾਲੀ ਦੇ ਦਲਿਤ ਮਜ਼ਦੂਰ ਪਰਿਵਾਰ ਉਪਰ 28 ਸਤੰਬਰ ਦੀ ਰਾਤ ਨੂੰ ਜਾਨਲੇਵਾ ਹਮਲਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਪੁਲੀਸ ਥਾਣਾ ਬੋਹਾ ਵੱਲੋਂ ਪਰਚੇ ਵਿਚ ਇਰਾਦਾ ਕਤਲ ਅਤੇ ਐੱਸ ਸੀ/ਐੱਸ ਟੀ ਐਕਟ ਨਾ ਲਾਉਣ ਖ਼ਿਲਾਫ਼ 9 ਅਕਤੂਬਰ ਨੂੰ ਮਾਨਸਾ ਦਲਿਤ ਜਬਰ ਵਿਰੋਧੀ ਮਾਰਚ ਕਰ ਕੇ ਐੱਸ ਐੱਸ ਪੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਹ ਐਲਾਨ ਅੱਜ ਪਿੰਡ ਅੱਕਾਂਵਾਲੀ ਵਿੱਚ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕੀਤਾ। ਇਸ ਮੌਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ 7 ਮੈਂਬਰੀ ਐਕਸ਼ਨ ਕਮੇਟੀ ਦਾ ਵੀ ਗਠਨ ਕੀਤਾ ਗਿਆ।
ਸ੍ਰੀ ਸਮਾਓਂ ਨੇ ਕਿਹਾ ਕਿ ਪਿੰਡ ਅੱਕਾਂਵਾਲੀ ਵਿਖੇ ਮਜ਼ਦੂਰ ਤਾਰਾ ਸਿੰਘ ਦੇ ਸੁੱਤੇ ਪਏ ਪਰਿਵਾਰ ’ਤੇ ਹਮਲਾ ਕਰਨ ਵਾਲੇ ਪਰਿਵਾਰ ਦੇ ਲੜਕੇ ਨੇ ਪਹਿਲਾਂ ਦਲਿਤ ਲੜਕੀ ਨਾਲ ਵਿਆਹ ਦਾਂ ਝਾਂਸਾ ਦੇ ਕੇ ਬਲਾਤਕਾਰ ਕੀਤਾ। ਉਨ੍ਹਾਂ ਦੱਸਿਆ ਕਿ ਮਜ਼ਦੂਰ ਵੱਲੋਂ ਥਾਣਾ ਬੋਹਾ ਦੀ ਪੁਲੀਸ ਨੂੰ ਦਰਖਾਸਤ ਦੇਣ ਤੋਂ ਬਾਅਦ ਡਰਾ-ਧਮਕਾ ਕੇ ਲੜਕੀ ਤੋਂ ਜਬਰੀ ਸਮਝੌਤੇ ’ਤੇ ਦਸਤਖ਼ਤ ਕਰਵਾਏ ਅਤੇ ਬਾਅਦ ਵਿੱਚ ਕੁੱਝ ਦਿਨਾਂ ਬਾਅਦ 28 ਸਤੰਬਰ ਦੀ ਰਾਤ ਨੂੰ ਪਰਿਵਾਰ ਦੀ ਘਰੇ ਵੜਕੇ ਕੁੱਟਮਾਰ ਕੀਤੀ। ਉਨ੍ਹਾਂ ਕਿਹਾ ਕਿ ਕਸੂਰਵਾਰਾਂ ਖ਼ਿਲਾਫ਼ ਪਰਚੇ ਵਿਚ ਬਣਦੀਆਂ ਧਾਰਾਵਾਂ ਨਾ ਲਾਉਣਾ ਸਾਬਤ ਕਰਦਾ ਹੈ ਕਿ ਪੁਲੀਸ ਸਿਆਸੀ ਦਬਾਅ ਹੇਠ ਹਮਲਾਵਰਾਂ ਨੂੰ ਬਚਾ ਰਹੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦਲਿਤਾਂ ਉਪਰ ਹੁੰਦੇ ਜਬਰ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਜੇਕਰ ਪਰਚੇ ਇਰਾਦਾ ਕਤਲ ਅਤੇ ਐੱਸ ਸੀ/ਐੱਸ ਟੀ ਐਕਟ ਦਾ ਵਾਧਾ ਕਰਕੇ ਕਸੂਰਵਾਰਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਅੰਦੋਲਨ ਵਿੱਢਿਆ ਜਾਵੇਗਾ। ਇਸ ਮੌਕੇ ਸੁਖਵਿੰਦਰ ਸਿੰਘ ਬੋਹਾ, ਪ੍ਰਦੀਪ ਗੁਰੂ, ਸੀਰਾ ਸਿੰਘ ਨੇ ਵੀ ਸੰਬੋਧਨ ਕੀਤਾ।