ਮਜ਼ਦੂਰ ਮੁਕਤੀ ਮੋਰਚਾ ਵੱਲੋਂ ਵਿਧਾਨ ਸਭਾ ਘੇਰਨ ਦਾ ਐਲਾਨ
w ਮੋਦੀ ਤੇ ਭਗਵੰਤ ਮਾਨ ਨੇ ਮਜ਼ਦੂਰਾਂ ਤੋਂ ਮਨਰੇਗਾ ਕੰਮ ਖੋਹਿਆ: ਸਮਾਓਂ
ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਮਨਰੇਗਾ ਕਾਨੂੰਨ ਦੇ ਬੰਦ ਕੀਤੇ ਕੰਮਾਂ ਨੂੰ ਬਹਾਲ ਨਾ ਕੀਤਾ ਤਾਂ ਮਜ਼ਦੂਰ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿ ਮਨਰੇਗਾ ਕੰਮ ਬੰਦ ਹੋਣ ਨਾਲ ਮਜ਼ਦੂਰਾਂ ਦੇ ਘਰਾਂ ਦੇ ਚੁੱਲ੍ਹੇ ਠੰਢੇ ਹੋ ਗਏ ਹਨ। ਉਹ ਅੱਜ ਬੁਢਲਾਡਾ ਵਿਖੇ ਮਜ਼ਦੂਰਾਂ ਦੇ ਜੁੜੇ ਇਕੱਠ ਦੌਰਾਨ ਸੰਬੋਧਨ ਕਰ ਰਹੇ ਸਨ।
ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਮਾਓਂ ਨੇ ਕਿਹਾ ਕਿ ਹੜ੍ਹਾਂ ਵਿੱਚ ਡੁੱਬੇ ਅਤੇ ਲਗਾਤਾਰ ਪਏ ਮੀਂਹਾਂ ਕਾਰਨ ਸੰਕਟ ਵਿੱਚ ਫਸੇ ਪੰਜਾਬ ਦੇ ਬੇਜ਼ਮੀਨੇ ਮਜ਼ਦੂਰਾਂ ਨੂੰ ਕੋਈ ਆਰਥਿਕ ਸਹਾਇਤਾ ਦੇਣ ਦੀ ਥਾਂ, ਮੋਦੀ ਤੇ ਭਗਵੰਤ ਮਾਨ ਸਰਕਾਰ ਨੇ ਮਜ਼ਦੂਰਾਂ ਤੋਂ ਘੱਟੋ-ਘੱਟ ਮਿਲਦਾ ਮਨਰੇਗਾ ਕੰਮ ਵੀ ਖੋਹ ਲਿਆ ਹੈ। ਉਨ੍ਹਾਂ ਦੱਸਿਆ ਕਿ ਮਨਰੇਗਾ ਦੇ ਬੰਦ ਕੀਤੇ ਕੰਮਾਂ ਦੀ ਬਹਾਲੀ ਲਈ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ 8 ਦਸੰਬਰ ਨੂੰ ਮਾਨਸਾ ਵਿਖੇ ਮੋਦੀ ਤੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਮਜ਼ਦੂਰ ਹੱਲਾ ਬੋਲ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੰਮੀਆਂ ਦੇ ਵਿਹੜੇ ਦੇ ਗੀਤ ਗਾਉਣ ਵਾਲਾਂ ਭਗਵੰਤ ਮਾਨ ਭਾਜਪਾ ਦੀਆਂ ਨੀਤੀਆਂ ਤਹਿਤ ਗਰੀਬਾਂ ਤੋਂ ਰੋਟੀ ਖੋਹ ਕੇ ਅਮੀਰਾਂ ਦਾ ਢਿੱਡ ਭਰ ਰਿਹਾ ਹੈ। ਭਾਜਪਾ ਤੇ ‘ਆਪ’ ਲੀਡਰ ਮਨੂ ਸਮ੍ਰਿਤੀ ਦੇ ਸਿਧਾਂਤਾਂ ’ਤੇ ਚੱਲ ਦਲਿਤਾਂ ਨੂੰ ਬੇਰੁਜ਼ਗਾਰੀ, ਕਰਜ਼ਿਆਂ, ਨਸ਼ਿਆਂ ’ਚ ਡੋਬਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹਰ ਮਸਲੇ ’ਤੇ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਕਰਨ ਵਾਲੇ ‘ਆਪ’ ਲੀਡਰਾਂ ਨੇ ਮਨਰੇਗਾ ਦੇ ਬੰਦ ਕੀਤੇ ਕੰਮਾਂ ਨੂੰ ਬਹਾਲ ਕਰਾਉਣ ਲਈ ਇੱਕ ਵਾਰ ਵੀ ਕੇਂਦਰ ਸਰਕਾਰ ਨੂੰ ਅਪੀਲ ਤੱਕ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮਨਰੇਗਾ ਦੇ ਬੰਦ ਕੀਤੇ ਕੰਮਾਂ ਨੂੰ ਬਹਾਲ ਨਾਂ ਕੀਤਾਂ ਤਾਂ ਮਜ਼ਦੂਰ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨਗੇ। ਇਸ ਮੌਕੇ ਨਿੱਕਾ ਸਿੰਘ ਬਹਾਦਰਪੁਰ, ਸੁਖਵਿੰਦਰ ਸਿੰਘ ਬੋਹਾ,ਪ੍ਰਦੀਪ ਗੁਰੂ, ਜਗਤਾਰ ਸਿੰਘ, ਸੰਦੀਪ ਸਿੰਘ ਬੀਰੋਕੇ ਕਲਾਂ ਮੌਜੂਦ ਸਨ।

