ਮਜ਼ਦੂਰ ਮੁਕਤੀ ਮੋਰਚੇ ਵੱਲੋਂ ਜ਼ੋਨ ਪੱਧਰੀ ਧਰਨੇ ਦੇਣ ਦਾ ਐਲਾਨ
ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਮਨਰੇਗਾ ਤਹਿਤ ਹੁੰਦੇ ਕੰਮਾਂ ਨੂੰ ਬੰਦ ਕਰਨ ਖ਼ਿਲਾਫ਼ ਅਤੇ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਵਾਉਣ ਲਈ ਸੰਯੂਕਤ ਦਲਿਤ ਮੋਰਚਾ ਵੱਲੋਂ 20 ਅਗਸਤ ਤੋਂ 1 ਸਤੰਬਰ ਤੱਕ ਜ਼ੋਨ ਪੱਧਰੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ‘ਮਨਰੇਗਾ ਰੁਜ਼ਗਾਰ ਬਚਾਓ, ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰੋ’ ਤਹਿਤ ਧਰਨੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਧਰਨੇ ਦੀ ਸ਼ੁਰੂਆਤ 20 ਅਗਸਤ ਨੂੰ ਫਰੀਦਕੋਟ ਕਮਿਸ਼ਨਰ ਦੇ ਦਫ਼ਤਰ ਤੋਂ ਕੀਤੀ ਜਾਵੇਗੀ। ਉਹ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਖੁਡਾਲ ਕਲਾਂ ਵਿਖੇ ਮਜ਼ਦੂਰਾਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਸੂਬਾ ਪ੍ਰਧਾਨ ਸ੍ਰੀ ਸਮਾਓਂ ਨੇ ਕਿਹਾ ਕਿ ਮੋਦੀ ਤੇ ਭਗਵੰਤ ਮਾਨ ਨੇ ਗੱਲਾਂ ਤਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀਆਂ ਕੀਤੀਆਂ ਸਨ, ਪਰ ਕੰਮ ਮਜ਼ਦੂਰਾਂ ਤੋਂ ਰੁਜ਼ਗਾਰ ਖੋਹਣ ਦੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਨੇ ਮਨਰੇਗਾ ਕਾਨੂੰਨ ਤਹਿਤ ਹੁੰਦੇ ਕੰਮਾਂ ਨੂੰ ਬੰਦ ਕਰਕੇ ਮਜ਼ਦੂਰਾ ਦੇ ਰੁਜ਼ਗਾਰ ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਭਾਜਪਾ ਦੀ ਮਨਰੇਗਾ ਕਾਨੂੰਨ ਖ਼ਤਮ ਕਰਨ ਦੀ ਨੀਤੀ ਨੂੰ ਚੁੱਪ-ਚਾਪ ਬਰਦਾਸ਼ਤ ਨਹੀਂ ਕਰਨਗੇ।