ਮੁੱਖ ਮੰਤਰੀ ਦੀ ਘੁਰਕੀ ਮਗਰੋਂ ਕਈ ਤਹਿਸੀਲਦਾਰ ਕੰਮ ’ਤੇ ਪਰਤੇ
ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਮਾਰਚ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਘੁਰਕੀ ਤੋਂ ਬਾਅਦ ਕਈ ਤਹਿਸੀਲਦਾਰ ਰਜਿਸਟਰੀਆਂ ਦਾ ਕੰਮ ਕਰਨ ਲਈ ਰਾਜ਼ੀ ਹੋ ਗਏ ਹਨ। ਸਥਾਨਕ ਤਹਿਸੀਲਦਾਰ ਤੋਂ ਇਲਾਵਾ ਸਬ ਤਹਿਸੀਲ ਅਜੀਤਵਾਲ ਵਿੱਚ ਤਾਇਨਾਤ ਟਰੇਨੀ ਨਾਇਬ ਤਹਿਸੀਲਦਾਰ ਕੰਮ ਉੱਤੇ ਪਰਤ ਆਏ ਹਨ ਅਤੇ ਕਈ ਹੋਰ ਝੰਡਾ ਸੁੱਟਣ ਦੀ ਤਿਆਰੀ ਵਿਚ ਹਨ।
ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਸਥਾਨਕ ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ ਵੱਲੋਂ ਰਜਿਸਟਰੇਸ਼ਨ ਕੰਮ ਉੱਤੇ ਹਾਜ਼ਰ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਅਤੇ ਰਜਿਸਟਰੇਸਨ ਦਾ ਕੰਮ ਨਿਰਵਿਘਨ ਜਾਰੀ ਰੱਖਣ ਲਈ ਕਾਨੂੰਗੋਜ਼ ਦੀ ਡਿਊਟੀ ਲਾ ਦਿੱਤੀ ਗਈ ਹੈ। ਉਨਾਂ ਕਿਹਾ ਕਿ ਇਹ ਹੁਕਮ ਤੁਰੰਤ ਪ੍ਰਭਾਵ ਵਿੱਚ ਆ ਗਏ ਹਨ ਅਤੇ ਸਬ ਰਜਿਸਟਰਾਰਾਂ ਦੇ ਰਜਿਸਟ੍ਰੇਸਨ ਦੇ ਕੰਮ ਉੱਤੇ ਵਾਪਸ ਆਉਣ ਤੱਕ ਲਾਗੂ ਰਹਿਣਗੇ। ਸਬ ਤਹਿਸੀਲ ਅਜੀਤਵਾਲ ਵਿਖੇ ਤਾਇਨਾਤ ਟਰੇਨੀ ਨਾਇਬ ਤਹਿਸੀਲਦਾਰ ਮੁਕਲ ਜਿੰਦਲ ਵੀ ਹਾਜ਼ਰ ਰਹੇ। ਹਾਲਾਂਕਿ ਡਿਪਟੀ ਕਮਿਸ਼ਨਰ ਨੇ ਸਬ ਅਜੀਤਵਾਲ ਲਈ ਚਮਕੌਰ ਸਿੰਘ ਕਾਨੂੰਗੋ ਅਤੇ ਸਥਾਨਕ ਸਬ ਰਜਿਸਟਰਾਰ ਲਈ ਗੁਰਮੇਲ ਸਿੰਘ ਸੁਪਰਡੰਟ ਗਰੇਡ-2 (ਮਾਲ ਤੇ ਰਿਕਾਰਡ) ਨੂੰ ਸਬ ਰਜਿਸਟਰਾਰ ਦੀਆਂ ਸ਼ਕਤੀਆਂ ਦਿੱਤੀਆਂ ਗਈਆਂ ਸਨ। ਇਥੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਗੁਰਚਰਨ ਸਿੰਘ ਕਾਨੂੰਗੋ ਕਾਨੂੰਗੋ ਹਲਕਾ ਨੱਥੂਵਾਲਾ ਨੂੰ ਸਬ ਰਜਿਸਟਰਾਰ ਬਾਘਾਪੁਰਾਣਾ, ਜਸਪਾਲ ਸਿੰਘ ਐਨਐਸਕੇ-1 ਸਦਰ ਦਫਤਰ ਨੂੰ ਸਬ ਰਜਿਸਟਰਾਰ ਨਿਹਾਲ ਸਿੰਘ ਵਾਲਾ ਵਾਧੂ ਚਾਰਜ ਜੁਆਇੰਟ ਸਬ ਰਜਿਸਟਾਰ ਬੱਧਨੀ ਕਲਾਂ, ਜਗਮੀਤ ਸਿੰਘ ਕਾਨੂੰਗੋ ਕਾਨੂੰਗੋ ਹਲਕਾ ਧਰਮਕੋਟ ਨੂੰ ਸਬ ਰਜਿਸਟਰਾਰ ਧਰਮਕੋਟ, ਬਲਜੀਤ ਸਿੰਘ ਕਾਨੂੰਗੋ ਦਫਤਰ ਕਾਨੂੰਗੋ ਤਹਿਸੀਲ ਦਫਤਰ ਧਰਮਕੋਟ ਨੂੰ ਜੁਆਇੰਟ ਸਬ ਰਜਿਸਟਰਾਰ ਕੋਟ ਈਸੇ ਖਾਂ,ਸੁਖਬੀਰ ਸਿੰਘ ਕਾਨੂੰਗੋ ਕਾਨੂੰਗੋ ਹਲਕਾ ਸਮਾਲਸਰ ਨੂੰ ਜੁਆਇੰਟ ਸਬ ਰਜਿਸਟਰਾਰ ਸਮਾਲਸਰ ਦੀ ਡਿਊਟੀ ਲਗਾਈ ਗਈ ਹੈ।
ਡੰਬੀ::: ਅਧਿਕਾਰੀਆਂ ਵੱਲੋਂ ਡਿਊਟੀ ’ਤੇ ਪਹਿਲਾਂ ਹੀ ਹਾਜ਼ਰ ਹੋਣ ਦਾ ਦਾਅਵਾ
ਦੂਜੇ ਪਾਸੇ ਪੰਜਾਬ ਰੈਵੇਨਿਊ ਅਫ਼ਸਰ ਐਸੋਸੀਏਸ਼ਨ ਆਗੂਆਂ ਨੇ ਕਿਹਾ ਕਿ ਉਹ ਤਾਂ ਪਹਿਲਾਂ ਹੀ ਡਿਊਟੀ ਉੱਤੇ ਹਾਜ਼ਰ ਹਨ, ਉਨ੍ਹਾਂ ਸਿਰਫ਼ ਜ਼ਮੀਨੀ ਰਜਿਸਟਰੀਆਂ ਦਾ ਕੰਮ ਹੀ ਸਰੈਂਡਰ ਕੀਤਾ ਹੈ। ਬਾਕੀ ਸਾਰਾ ਕੰਮ ਉਹ ਕਰ ਰਹੇ ਹਨ। ਕਈ ਮਾਲ ਅਧਿਕਾਰੀ ਮੁੱਖ ਮੰਤਰੀ ਦੀ ਕਾਰਵਾਈ ਤੋਂ ਬਚਣ ਲਈ ਲੋਕਾਂ ਵੱਲੋਂ ਅਗਾਂਓ ਸਮਾਂ ਨਾ ਲੈਣ ਦਾ ਬਹਾਨਾ ਬਣਾ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਉਹ ਤਾਂ ਦਫ਼ਤਰਾਂ ਵਿਚ ਹਾਜ਼ਰ ਹਨ ਪਰ ਰਜਿਸਟਰੀ ਕਰਵਾਉਣ ਵਾਲਾ ਕੋਈ ਨਹੀਂ ਆਇਆ।