DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੌਨਸੂਨ ਦੇ ਪਹਿਲੇ ਮੀਂਹ ਨਾਲ ਮਾਨਸਾ ਜਲ-ਥਲ

ਮਾਲਵੇ ਲੋਕਾਂ ਨੂੰ ਗਰਮੀ ਤੋਂ ਰਾਹਤ; ਝੋਨੇ ਦੀ ਲੁਆਈ ਨੇ ਰਫ਼ਤਾਰ ਫੜੀ
  • fb
  • twitter
  • whatsapp
  • whatsapp
Advertisement

ਸ਼ਗਨ ਕਟਾਰੀਆ/ਜੋਗਿੰਦਰ ਸਿੰਘ ਮਾਨ

ਬਠਿੰਡਾ/ਮਾਨਸਾ, 26 ਜੂਨ

Advertisement

ਮੌਨਸੂਨ ਨੇ ਮਾਲਵੇ ’ਚ ਦਸਤਕ ਦੇ ਦਿੱਤੀ ਹੈ। ਅੱਜ ਕਈ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋਈ। ਲੰਮੇ ਸਮੇਂ ਤੋਂ ਔੜ ਕਾਰਨ ਦਾਣਿਆਂ ਵਾਂਗ ਭੁੱਜ ਰਹੇ ਲੋਕਾਂ ਨੂੰ ਅੰਤਾਂ ਦੀ ਗਰਮੀ ਤੋਂ ਰਾਹਤ ਮਿਲੀ ਹੈ।

ਭਾਵੇਂ ਪੰਜਾਬ ਦੇ ਪੁਆਧ, ਦੁਆਬੇ ਅਤੇ ਮਾਝੇ ਦੇ ਕਈ ਹਿੱਸਿਆਂ ’ਚ ਮੌਨਸੂਨ ਦੀਆਂ ਫ਼ੁਹਾਰਾਂ ਕੁਝ ਦਿਨ ਪਹਿਲਾਂ ਹੀ ਪੁੱਜ ਗਈਆਂ ਸਨ, ਪਰ ਪੰਜਾਬ ਦੇ ਦੱਖਣ-ਪੱਛਮ ਦੇ ਮਾਲਵਾ ਖਿੱਤੇ ਦੇ ਲੋਕ ਬੜੀ ਬੇਸਬਰੀ ਨਾਲ ਮੀਂਹ ਉਡੀਕ ਰਹੇ ਸਨ। ਇਸ ਖੇਤਰ ’ਚ ਪਹਿਲੀ ਜੂਨ ਤੋਂ ਹੀ ਝੋਨੇ ਦੀ ਲੁਆਈ ਸ਼ੁਰੂ ਹੋ ਗਈ ਸੀ, ਪਰ ਬਹੁਤੇ ਕਾਸ਼ਤਕਾਰ ਝੋਨਾ ਲਾਉਣ ਲਈ ਮੀਂਹ ਦੀ ਇੰਤਜ਼ਾਰ ਵਿੱਚ ਸਨ। ਹੁਣ ਬਾਰਿਸ਼ ਹੋਣ ਮਗਰੋਂ ਝੋਨਾ ਲਾਉਣ ਦਾ ਕੰਮ ਇੱਕ ਦਮ ਤੇਜ਼ੀ ਫੜੇਗਾ।

ਇਸੇ ਦੌਰਾਨ ਮਾਨਸਾ ਮੀਂਹ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਸ਼ਹਿਰ ਦੇ ਬੱਸ ਸਟੈਂਡ ਹੋਰ ਸਾਰੇ ਮੁੱਖ ਮਾਰਗਾਂ ’ਤੇ ਜਲ-ਥਲ ਹੋ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੀਵਰੇਜ ਦੇ ਜਾਮ ਕਾਰਨ ਗੰਦਾ ਪਾਣੀ, ਮੀਂਹ ਦੇ ਪਾਣੀ ਵਿਚ ਰਲ ਗਿਆ, ਜਿਸ ਨੇ ਲੋਕਾਂ ਨੂੰ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ। ਹਾਲਾਂਕਿ ਨਗਰ ਕੌਂਸਲ ਮਾਨਸਾ ਨੇ ਮੀਂਹਾਂ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਸੀ। ਸ਼ਹਿਰ ਵਿਚ ਪਾਣੀ ਭਰਨ ਕਾਰਨ ਦੋ ਪਹੀਆ ਵਾਹਨਾਂ ਲਈ ਵੱਡੀ ਮੁਸੀਬਤ ਬਣ ਗਈ। ਕਈ ਮੁਹੱਲਿਆਂ ਵਿਚ ਮੀਂਹ ਦਾ ਪਾਣੀ ਗਲੀਆਂ ਭਰਨ ਤੋਂ ਬਾਅਦ ਘਰਾਂ ਵਿਚ ਦਾਖਲ ਹੋ ਗਿਆ, ਲੋਕਾਂ ਨੂੰ ਇਹ ਪਾਣੀ ਘਰਾਂ ’ਚੋਂ ਬਾਲਟੀਆਂ ਨਾਲ ਬਾਹਰ ਕੱਢਣਾ ਪਿਆ। ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਸੁਨੀਲ ਕੁਮਾਰ ਨੀਨੂੰ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਮੀਂਹ ਦਾ ਪਾਣੀ ਇਕ ਵਾਰ ਭਰ ਜਾਂਦਾ ਹੈ, ਪਰ ਸੀਵਰੇਜ ਬੋਰਡ ਅਤੇ ਨਗਰ ਕੌਸਲ ਦੇ ਕਰਮਚਾਰੀਆ ਵੱਲੋ ਇਸ ਨੂੰ ਕੱਢ ਦਿੱਤਾ ਜਾਂਦਾ ਹੈ।

ਦੂਜੇ ਪਾਸੇ ਪਿਛਲੇ ਕਈ ਦਿਨਾਂ ਤੋਂ ਪੁਰਾ ਵਗਦਾ ਹੋਣ ਕਾਰਣ ਹੁੰਮਸ ਭਰੀ ਤਲਖ਼ੀ ਵਾਲੀ ਗਰਮੀ ਦਾ ਕਹਿਰ ਲਗਾਤਾਰ ਜਾਰੀ ਸੀ। ਗਰਮੀ ਕਰਕੇ ਨਰਮਾ, ਸਬਜ਼ੀਆਂ, ਚਾਰਾ, ਮੱਕੀ, ਦਾਲਾਂ ਅਤੇ ਹੋਰ ਫ਼ਸਲਾਂ ਪ੍ਰਭਾਵਿਤ ਹੋ ਰਹੀਆਂ ਸਨ। ਮੌਸਮ ਬਦਲਣ ਨਾਲ ਹੁਣ ਮੋੜਾ ਪੈਣਾ ਯਕੀਨੀ ਹੋ ਗਿਆ ਹੈ। ਤਿੰਨ ਦਿਨ ਪਹਿਲਾਂ ਫ਼ਰੀਦਕੋਟ ਦਾ ਪਾਰਾ 42 ਡਿਗਰੀ ਤੋਂ ਪਾਰ ਚਲਾ ਗਿਆ ਸੀ। ਇਸ ਦੇ ਨਾਲ ਲੱਗਦੇ ਜ਼ਿਲਿ੍ਹਆਂ ਵਿੱਚ ਵੀ ਤਾਪਮਾਨ ਮਾਮੂਲੀ ਹੀ ਘੱਟ ਸੀ। ਮੀਂਹ ਪੈਣ ਨਾਲ ਤਾਪਮਾਨ ਕਾਫੀ ਹੇਠਾਂ ਆ ਗਿਆ ਹੈ। ਅੱਜ ਬਠਿੰਡਾ ’ਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਮਾਹਿਰਾਂ ਦਾ ਤਕਾਜ਼ਾ ਹੈ ਪੰਜਾਬ ਅੰਦਰ 30 ਜੂਨ ਤੱਕ ਮੌਨਸੂਨ ਦੇ ਦੋ 2-3 ਮੀਂਹ ਦਰਮਿਆਨੀ ਤੋਂ ਭਾਰੀ ਵਰਖਾ ਦੇ ਸਕਦੇ ਹਨ। ਪੇਸ਼ੀਨਗੋਈ ਇਹ ਵੀ ਹੈ ਕਿ ਅਗਲੇ ਦੋ-ਢਾਈ ਮਹੀਨੇ ਮੌਨਸੂਨੀ ਬੱਦਲਾਂ ਦੀ ਤਕੜੀ ਕਾਰਵਾਈ ਵੇਖਣ ਨੂੰ ਮਿਲ ਸਕਦੀ ਹੈ ਅਤੇ ਬੱਦਲਵਾਈ ਵਾਲਾ ਮੌਸਮ ਅਗਲਾ ਇੱਕ ਹਫ਼ਤਾ ਇੰਜ ਹੀ ਰਹਿਣ ਦੇ ਆਸਾਰ ਹਨ।

Advertisement
×