ਘੱਗਰ ’ਚ ਪਾੜ ਕਾਰਨ ਮਾਨਸਾ-ਸਿਰਸਾ ਮੁੱਖ ਮਾਰਗ ’ਤੇ ਪਾਣੀ ਭਰਿਆ
ਘੱਗਰ ਵਿੱਚ ਅੱਜ ਹਰਿਆਣਾ ਦੇ ਪਿੰਡ ਪਹਿਨਾਰੀ ਵਿੱਚ ਪਾੜ ਪੈ ਗਿਆ, ਜਿਸ ਨਾਲ ਹਰਿਆਣਾ ਦੇ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ ਅਤੇ 5 ਹਜ਼ਾਰ ਏਕੜ ਰਕਬੇ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਡੁੱਬ ਗਈ ਹੈ। ਇਹ ਪਿੰਡ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਝੰਡਾ ਕਲਾਂ ਦੇ ਨਾਲ ਲੱਗਦੇ ਹਨ, ਜਿਸ ਕਰਕੇ ਇਸ ਪਾੜ ਦੀ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਚਿੰਤਾ ਸੁਤਾਉਣ ਲੱਗੀ ਹੈ। ਇਹ ਪਿੰਡ ਮਾਨਸਾ-ਸਿਰਸਾ ਮੁੱਖ ਮਾਰਗ ’ਤੇ ਸਥਿਤ ਹੈ ਅਤੇ ਪਾੜ ਪੈਣ ਨਾਲ ਮੁੱਖ ਮਾਰਗ ਦੇ ਲਾਗੇ ਵੀ ਪਾਣੀ ਭਰ ਗਿਆ ਹੈ। ਇਸ ਨਾਲ ਹਰਿਆਣਾ ਦੇ ਪਿੰਡ ਫਰਵਾਹੀ, ਬੁਰਜ ਕਰਮਗੜ੍ਹ ਅਤੇ ਪਹਿਨਾਰੀ ਦੀ ਆਬਾਦੀ ਦੇ ਡੁੱਬਣ ਦਾ ਵੱਡਾ ਡਰ ਖੜ੍ਹਾ ਹੋ ਗਿਆ ਹੈ।
ਅੱਜ ਸਾਰਾ ਦਿਨ ਪਏ ਤੇਜ਼ ਮੀਂਹ ਕਾਰਨ ਘੱਗਰ ਦੇ ਕਿਨਾਰਿਆਂ ਨੂੰ ਹੋਰ ਮਜ਼ਬੂਤ ਕਰਨ ਦਾ ਕਾਰਜ ਚੱਲ ਨਹੀਂ ਸਕਿਆ। ਇਸ ਭਾਰੀ ਮੀਂਹ ਨੇ ਲੋਕਾਂ ਵਿੱਚ ਹੋਰ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਘੱਗਰ ਵਿੱਚ ਅੱਜ 23 ਫੁੱਟ ਤੋਂ ਉਪਰ ਸਰਦੂਲਗੜ੍ਹ ਪੁਲ ਨੇੜੇ ਪਾਣੀ ਚੱਲ ਰਿਹਾ ਹੈ, ਜੋ ਖ਼ਤਰੇ ਦੇ ਨਿਸ਼ਾਨ ਦੇ ਐਨ ਨੇੜੇ ਹੈ। ਇਸ ਨੂੰ ਲੈ ਕੇ ਲੋਕ ਡਰੇ ਹੋਏ ਹਨ। ਪਿੰਡ ਸਾਧੂਵਾਲਾ, ਕਰੰਡੀ ਤੇ ਕੌੜੀਵਾੜਾ ਆਦਿ ਦੇ ਲੋਕਾਂ ਨੇ ਪਹਿਲਾਂ ਹੀ ਘੱਗਰ ਦੇ ਪਾਣੀ ਤੋਂ ਬਚਾਓ ਲਈ ਘਰਾਂ ਅੱਗੇ ਮਿੱਟੀ ਦੇ ਵੱਡੇ-ਵੱਡੇ ਬੰਨ੍ਹ ਉਸਾਰ ਲਏ ਹਨ। ਹਾਲਾਂਕਿ ਪ੍ਰਸ਼ਾਸਨ ਅਤੇ ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਕਿਤੇ ਵੀ ਘੱਗਰ ਦੇ ਪਾਣੀ ਨੂੰ ਲੈਕੇ ਖ਼ਤਰਾ ਨਾ ਹੋਣ ਦੀ ਗੱਲ ਕਹੀ ਜਾ ਰਹੀ ਹੈ ਪਰ ਪਾਣੀ ਦੇ ਵਧਦੇ ਪੱਧਰ ਨੇ ਲੋਕਾਂ ਦੇ ਸਾਹ ਸੂਤ ਦਿੱਤੇ ਹਨ।
ਮੀਂਹ ਪੈਣ ਨਾਲ ਘੱਗਰ ਦੇ ਕਿਨਾਰੇ ਪੋਲੇ ਹੋਣੇ ਅਤੇ ਪਾਣੀ ਵਿਚ ਵਹਿ ਜਾਣ ਦੇ ਡਰ ਦੇ ਚੱਲਦੇ ਸਰਦੂਲਗੜ੍ਹ ਸ਼ਹਿਰ ਵਿਚ ਵੀ ਪਾਣੀ ਭਰਨ ਦਾ ਡਰ ਸਤਾ ਰਿਹਾ ਹੈ। ਅਕਸਰ ਸ਼ਹਿਰ ਵਿਚ ਮੀਂਹ ਦਾ ਪਾਣੀ ਭਰਨ ਨਾਲ ਉਹ ਪਾਣੀ ਵਿਚ ਘੱਗਰ ਵਿਚ ਹੀ ਪਾਇਆ ਜਾਂਦਾ ਹੈ। ਲੋਕਾਂ ਨੂੰ ਡਰ ਹੈ ਕਿ ਜੇਕਰ ਮੀਂਹ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਸਰਦੂਲਗੜ੍ਹ ਨੇੜਲੇ ਘੱਗਰ ਦੇ ਟੁੱਟਣ ਦਾ ਖ਼ਤਰਾ ਹੋਰ ਵਧ ਸਕਦਾ ਹੈ। ਘੱਗਰ ਦੇ ਵਧਦੇ ਪਾਣੀ ਦਾ ਪੱਧਰ ਅਜੇ ਚਾਂਦਪੁਰਾ ਅਤੇ ਸਰਦੂਲਗੜ੍ਹ ਦੇ ਪੁਲਾਂ ਤੋਂ ਹੇਠਾਂ ਚੱਲ ਰਿਹਾ ਹੈ ਜੇਕਰ ਪਾਣੀ ਹੋਰ ਵਧਿਆ ਤਾਂ ਉਸ ਦੀ ਟੱਕਰ ਪੁਲਾਂ ਨਾਲ ਲੱਗ ਜਾਵੇਗੀ। ਪੁਲਾਂ ਨਾਲ ਟਕਰਾਕੇ ਮੁੜਦੇ ਪਾਣੀ ਕਾਰਨ ਘੱਗਰ ਦੇ ਕਿਨਾਰੇ ਟੁੱਟ ਵੀ ਸਕਦੇ ਹਨ, ਜਿਸ ਨਾਲ ਵੱਡੀ ਤਬਾਹੀ ਹੋ ਸਕਦੀ ਹੈ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਨੂੰ ਲੈਕੇ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਨੇ ਭਿਆਨਕ ਹੜ੍ਹਾਂ ਦੇ ਸ਼ਿਕਾਰ ਲਈ ਪੰਜਾਬ ਸਰਕਾਰ ਨੂੰ, ਜੋ ਦੋਸ਼ੀ ਠਹਿਰਾਇਆ ਹੈ, ਉਹ ਸਿਵਾਏ ਰਾਜਨੀਤੀ ਤੋਂ ਹੋਰ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਹਰਿਆਣਾ ਹੜ੍ਹਾਂ ਵਿੱਚ ਬੁਰੀ ਤਰ੍ਹਾਂ ਘਿਰੇ ਹੋਏ ਹਨ, ਉਥੇ ਉਪਰ ਅਤੇ ਥੱਲੇ ਭਾਜਪਾ ਦੀਆਂ ਹਕੂਮਤਾਂ ਹਨ ਅਤੇ ਕੀ ਉਥੇ ਹੜ੍ਹ ਮਾਈਨਿੰਗ ਕਾਰਨ ਆਏ ਹਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਰਾਜਨੀਤੀ ਦਾ ਨਹੀਂ ਮਨੁੱਖਤਾ ਨੂੰ ਬਚਾਉਣ ਦਾ ਹੈ।
ਸਿਰਸਾ (ਪ੍ਰਭੂ ਦਿਆਲ): ਪਿੰਡ ਮੋਡੀਆ ਖੇੜਾ ਨੇੜੇ ਅੱਜ ਸਵੇਰੇ ਹਿਸਾਰ ਘੱਗਰ ਨਾਲੇ ਸੇਮਨਾਲਾ ਵਿੱਚ ਲਗਭਗ 100 ਫੁੱਟ ਲੰਬਾ ਪਾੜ ਪੈ ਗਿਆ। ਇਸ ਵੱਡੇ ਪਾੜ ਕਾਰਨ ਮੋਡੀਆ ਖੇੜਾ ਅਤੇ ਗੁੜੀਆ ਖੇੜਾ ਦੀਆਂ ਸੈਂਕੜੇ ਏਕੜ ਨਰਮਾ ਅਤੇ ਕਪਾਹ ਦੀਆਂ ਫਸਲਾਂ ਡੁੱਬ ਗਈਆਂ, ਜਦੋਂ ਕਿ ਕਿਸਾਨਾਂ ਦੀਆਂ ਢਾਣੀਆਂ ਅਤੇ ਮੋਟਰਾਂ ਵੀ ਪਾਣੀ ਦੀ ਲਪੇਟ ਵਿੱਚ ਆ ਗਈਆਂ। ਪ੍ਰਸ਼ਾਸਨ ਦੇ ਸੱਦੇ ’ਤੇ ਡੇਰਾ ਸੱਚਾ ਸੌਦਾ ਸਿਰਸਾ ਦੇ 500 ਸੇਵਾਦਾਰ ਤੁਰੰਤ ਮੌਕੇ ’ਤੇ ਪਹੁੰਚ ਗਏ। ਸੇਵਾਦਾਰਾਂ ਨੇ ਮਿੱਟੀ ਦੇ ਗੱਟਿਆਂ ਨੂੰ ਭਰ ਕੇ, ਮਨੁੱਖੀ ਲੜੀ ਬਣਾ ਕੇ ਅਤੇ ਲੱਕੜ ਦੇ ਜਾਲਾਂ ਦੀ ਮਦਦ ਲੈ ਕੇ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ ਕੀਤਾ। ਇਸ ਦੌਰਾਨ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ, ਪਰ ਵਾਲੰਟੀਅਰਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ। ਏਲਨਾਬਾਦ ਦੇ ਵਿਧਾਇਕ ਭਰਤ ਸਿੰਘ ਬੈਣੀਵਾਲ ਦੇ ਪੁੱਤਰ ਸੁਮਿਤ ਬੈਣੀਵਾਲ ਵੀ ਵਾਲੰਟੀਅਰਾਂ ਵਿੱਚ ਪਹੁੰਚੇ ਅਤੇ ਉਨ੍ਹਾਂ ਸੇਵਾਦਾਰਾਂ ਦੀ ਸ਼ਲਾਘਾ ਕੀਤੀ।
ਮਾਨਸਾ ’ਚ ਫੌਜੀ ਅਫਸਰਾਂ ਵੱਲੋਂ ਡੀ ਸੀ ਨਾਲ ਮੀਟਿੰਗ
ਮਾਨਸਾ (ਪੱਤਰ ਪ੍ਰੇਰਕ): ਘੱਗਰ ’ਚ ਵਧੇ ਪਾਣੀ ਕਾਰਨ ਮਾਨਸਾ ਦੀ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਭਾਰਤੀ ਫੌਜ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਫੌਜੀ ਅਫ਼ਸਰਾਂ ਨੂੰ ਜ਼ਿਲ੍ਹੇ ਅੰਦਰ ਹੜ੍ਹਾਂ ਦੌਰਾਨ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਬਾਰੇ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਨਕਸ਼ੇ ਰਾਹੀਂ ਫੌਜੀ ਅਧਿਕਾਰੀਆਂ ਨਾਲ ਉਨ੍ਹਾਂ ਇਲਾਕਿਆਂ ਬਾਰੇ ਵਿਚਾਰ ਚਰਚਾ ਕੀਤੀ, ਜਿੱਥੇ ਘੱਗਰ ਵਿਚ ਪਾਣੀ ਦੇ ਸਮਰੱਥਾ ਤੋਂ ਜ਼ਿਆਦਾ ਵਧਣ ਨਾਲ ਨੁਕਸਾਨ ਦਾ ਖਦਸ਼ਾ ਹੁੰਦਾ ਹੈ। ਉਨ੍ਹਾਂ ਫੌਜ ਨੂੰ ਸੰਵੇਦਨਸ਼ੀਲ ਇਲਾਕਿਆਂ ’ਤੇ ਖਾਸ ਨਜ਼ਰਸਾਨੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਘੱਗਰ ਵਿਚ ਪਾਣੀ ਦੀ ਮਾਤਰਾ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਪ੍ਰੰਤੂ ਲਗਾਤਾਰ ਹੋ ਰਹੀ ਬਰਸਾਤ ਕਰਕੇ ਕਿਤੇ ਵੀ ਬੰਨ੍ਹ ਦੇ ਟੁੱਟਣ ਜਾਂ ਪਾਣੀ ਦੇ ਵਧ ਜਾਣ ਦਾ ਖਦਸ਼ਾ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਕਿਸੇ ਵੀ ਤਰ੍ਹਾਂ ਦੇ ਰਾਹਤ ਅਤੇ ਬਚਾਅ ਕਾਰਜ ਲਈ ਮਿਲਟਰੀ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ।