ਵਿਧਾਇਕਾ ਮਾਨ ਦੇ ਅਸਤੀਫ਼ੇ ਤੋਂ ਮਾਨਸਾ ਵਾਸੀ ਨਿਰਾਸ਼
ਪੰਜਾਬ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਕੇ ਸਿਆਸਤ ਛੱਡਣ ਦਾ ਫ਼ੈਸਲਾ ਲੈਣ ਵਾਲੀ ਵਿਧਾਇਕਾ ਅਨਮੋਲ ਗਗਨ ਮਾਨ ਦੇ ਇਸ ਫ਼ੈਸਲੇ ਤੋਂ ਮਾਨਸਾ ਵਿੱਚ ਚਰਚਾ ਜ਼ੋਰਾਂ ’ਤੇ ਹੈ। ਉਨ੍ਹਾਂ ਦੇ ਇਸ ਫ਼ੈਸਲੇ ਨੇ ਜਿੱਥੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ, ਉੱਥੇ ਹੀ ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਦਾ ਮਾਨਸਾ ਨਾਲ ਰਿਸ਼ਤਾ ਹੋਣ ਤੇ ਪੰਜਾਬ ਦੀ ਸਿਆਸਤ ਵਿੱਚ ਮਾਨਸਾ ਦੇ ਨੇਤਾਵਾਂ ਦੇ ਯੋਗਦਾਨ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ ਹਨ। ਮਾਨਸਾ ਵਾਸੀ ਉਨ੍ਹਾਂ ਦੇ ਇਸ ਫ਼ੈਸਲੇ ਤੋਂ ਨਿਰਾਸ਼ ਹਨ। ਉਂਜ ਤਾਂ ਮਾਨਸਾ ਜ਼ਿਲ੍ਹਾ ਤਿੰਨ ਵਿਧਾਨ ਸਭਾ ਹਲਕੇ ਰੱਖਦਾ ਹੈ, ਪਰ ਮਾਨਸਾ ਨਾਲ ਸਬੰਧਤ ਪੰਜ ਵਿਧਾਇਕ ਪੰਜਾਬ ਦੀ ਵਿਧਾਨ ਸਭਾ ਵਿੱਚ ਹਨ। ਇਨ੍ਹਾਂ ਵਿੱਚ ਮਾਨਸਾ ਤੋਂ ਵਿਧਾਇਕ ਡਾ. ਵਿਜੈ ਸਿੰਗਲਾ, ਸਰਦੂਲਗੜ੍ਹ ਤੋਂ ਗੁਰਪ੍ਰੀਤ ਸਿੰਘ ਬਣਾਂਵਾਲੀ, ਬੁਢਲਾਡਾ ਤੋਂ ਪ੍ਰਿੰਸੀਪਲ ਬੁੱਧ ਰਾਮ ਵਿਧਾਇਕ ਹਨ। ਅਨਮੋਲ ਗਗਨ ਮਾਨ ਮੂਲ ਰੂਪ ਵਿੱਚ ਮਾਨਸਾ ਦੀ ਜੰਮਪਲ ਹੈ। ਇਸੇ ਤਰ੍ਹਾਂ ‘ਆਪ’ ਦੀ ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ ਬੁੱਢਲਾਡਾ ਨਾਲ ਸਬੰਧ ਰੱਖਦੀ ਹੈ।
ਗਾਇਕੀ ਦੇ ਪਿੜ ਵਿੱਚੋਂ ਅਚਾਨਕ ਸਿਆਸਤ ਵਿੱਚ ਆਈ ਤਰਕਸ਼ੀਲ ਆਗੂ ਰਹੇ ਯੋਧਾ ਸਿੰਘ ਮਾਨ ਦੀ ਧੀ ਅਨਮੋਲ ਗਗਨ ਮਾਨ ਦਾ ਪਾਲਣ-ਪੋਸ਼ਣ, ਜਨਮ ਮਾਨਸਾ ਦਾ ਹੈ। ਉਸ ਨੇ ਆਪਣੀ ਪੜ੍ਹਾਈ ਮਾਨਸਾ ਦੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਵਿੱਚ ਕੀਤੀ ਹੈ। ਪਿਛਲੇ ਸਮੇਂ ਵਿੱਚ ਮੰਤਰੀ ਹੁੰਦਿਆਂ ਮਾਨਸਾ ਵਿੱਚ ਜਦੋਂ ਇੱਕ ਸਰਕਾਰੀ ਸਮਾਗਮ ਵਿੱਚ ਅਨਮੋਲ ਗਗਨ ਮਾਨ ਨੇ ਕੌਮੀ ਝੰਡਾ ਲਹਿਰਾਇਆ ਤਾਂ ਉਨ੍ਹਾਂ ਨੇ ਮੰਚ ਤੋਂ ਮਾਣ ਨਾਲ ਇਹ ਗੱਲ ਕਹੀ ਕਿ ਉਹ ਮਾਨਸਾ ਦੀ ਧੀ ਹੈ ਅਤੇ ਇਸੇ ਕਾਲਜ ’ਚੋਂ ਪੜ੍ਹ ਕੇ ਸਿਆਸਤ ਵਿੱਚ ਆਈ ਹੈ। ਬੇਸ਼ੱਕ ਅਨਮੋਲ ਗਗਨ ਮਾਨ ਦਾ ਇਹ ਨਿੱਜੀ ਫ਼ੈਸਲਾ ਹੈ, ਪਰ ਮਾਨਸਾ ਦੇ ਵਾਸੀ ਅਨਮੋਲ ਗਗਨ ਮਾਨ ਦੇ ਇਸ ਅਸਤੀਫ਼ੇ ਨੂੰ ਲੈ ਕੇ ਮਾਯੂਸ਼ ਜ਼ਰੂਰ ਹਨ।