ਪੱਤਰ ਪ੍ਰੇਰਕਮਾਨਸਾ, 19 ਮਈਇੱਥੇ 11 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਾਰਜ ਧਾਰਮਿਕ ਰਹੁ-ਰੀਤਾਂ ਅਨੁਸਾਰ ਕਰਵਾਏ ਗਏ। ਪੁੰਨ ਦਾ ਇਹ ਕਾਰਜ ਜੈ ਮਾਂ ਸ਼ਾਰਦਾ ਸੇਵਾ ਸੰਘ ਕੀਰਤਨ ਮੰਡਲ ਮਾਨਸਾ ਦੀ ਅਗਵਾਈ ਹੇਠ ਹੋਇਆ। ਇਨ੍ਹਾਂ ਵਿਆਹ ਕਾਰਜਾਂ ਵਿੱਚ ਅੱਠ ਬੱਚੀਆਂ ਦੇ ਸਿੱਖ ਧਰਮ ਅਨੁਸਾਰ ਆਨੰਦ ਕਾਰਜ, 2 ਧੀਆਂ ਦੇ ਹਿੰਦੂ ਧਰਮ ਅਨੁਸਾਰ ਫੇਰੇ ਅਤੇ ਇੱਕ ਲੜਕੀ ਦਾ ਇਸਾਈ ਧਰਮ ਅਨੁਸਾਰ ਕਰਵਾਇਆ ਗਿਆ।ਵਿਆਹ ਕਾਰਜਾਂ ਦੀ ਪ੍ਰਬੰਧਕੀ ਟੀਮ ਨੇ ਭਵਿੱਖ ਵਿੱਚ ਅਜਿਹੇ ਹੋਰ ਵਿਆਹ ਕਰਨ ਲਈ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਮੰਡਲ ਦੇ ਪ੍ਰਧਾਨ ਬਿਟੂ ਸ਼ਰਮਾ ਨੇ ਦੱਸਿਆ ਕਿ ਇਸ ਮੰਡਲ ਵੱਲੋਂ ਸਾਰੇ ਕੰਨਿਆਦਾਨ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੀ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਮੰਡਲ ਵੱਲੋਂ ਜ਼ਰੂਰਤ ਅਨੁਸਾਰ ਘਰੇਲੂ ਸਾਰਾ ਸਾਮਾਨ ਦਿੱਤਾ ਜਾਂਦਾ ਹੈ।ਇਸ ਕੰਨਿਆ ਦਾਨ ਮਹਾਯੱਗ ਵਿੱਚ ਕਥਾਵਾਚਕ ਭਾਈ ਰਾਜਵੀਰ ਸਿੰਘ ਘਰਾਂਗਣੇ ਵਾਲੇ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਲਈ ਮਸ਼ਹੂਰ ਜੋੜੀ ਕੁਲਦੀਪ ਕੰਠ ਤੇ ਰਚਨਾ ਅਟਵਾਲ ਨੇ ਧਾਰਮਿਕ ਗੀਤ ਗਾ ਕੇ ਲੋਕਾਂ ਦਾ ਮਨ ਮੋਹ ਲਿਆ।ਇਸ ਸਬੰਧੀ ਹੋਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਵਿਧਾਇਕ ਡਾ. ਵਿਜੈ ਸਿੰਗਲਾ, ਡੀਐੱਸਪੀ ਬੂਟਾ ਸਿੰਘ ਗਿੱਲ, ਪੁਲੀਸ ਅਧਿਕਾਰੀ ਬੇਅੰਤ ਕੌਰ, ਵਿਸ਼ੇਸ਼ ਸਹਿਯੋਗੀ ਓਮ ਕੰਸਟਰੱਕਸ਼ਨ ਕੰਪਨੀ ਮਾਨਸਾ,ਪ੍ਰਕਾਸ਼ ਚੰਦ, ਸਮੀਰ ਛਾਬੜਾ, ਵਿਨੋਦ ਕੁਮਾਰ ਭੰਮਾ ਮੌਜੂਦ ਸਨ।