ਮਨੀਸ਼ਾ ਕਤਲ ਕਾਂਡ: ਜਥੇਬੰਦੀਆਂ ਵੱਲੋਂ ਮਿੰਨੀ ਸਕੱਤਰੇਤ ਅੱਗੇ ਧਰਨਾ
ਲੋਹਾਰੂ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਢਾਣੀ ਲਕਸ਼ਮਣ ਦੀ ਵਸਨੀਕ ਮਨੀਸ਼ਾ ਬੈਰਾਗੀ ਦੇ ਕਾਤਲ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਬੈਰਾਗੀ ਸਮਾਜ ਨਾਲ ਜੁੜੇ ਲੋਕਾਂ ਸਮੇਤ ਅੱਧਾ ਦਰਜਨ ਜਥੇਬੰਦੀਆਂ ਨੇ ਮਿੰਨੀ ਸਕੱਤਰੇਤ ਅੱਗੇ ਧਰਨਾ ਦਿੱਤਾ। ਇਸ ਦੌਰਾਨ ਧਰਨਾਕਾਰੀਆਂ ਨੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ। ਧਰਨਕਾਰੀਆਂ ਨੂੰ ਸੰਬੋਧਨ ਕਰਦਿਆਂ ਬੀਕੇਈ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਮਨੀਸ਼ਾ ਬੈਰਾਗੀ ਢਾਣੀ ਲਕਸ਼ਮਣ ਪਿੰਡ ਦੀ ਹੋਣਹਾਰ ਵਿਦਿਆਰਥਣ ਸੀ। ਉਨ੍ਹਾਂ ਦੱਸਿਆ ਕਿ ਮਨੀਸ਼ਾ ਬੈਰਾਗੀ 11 ਅਗਸਤ ਦੀ ਦੁਪਹਿਰ ਨੂੰ ਇਕ ਨਰਸਿੰਗ ਕਾਲਜ ਵਿੱਚ ਨਰਸਿੰਗ ਕੋਰਸ ਲਈ ਫਾਰਮ ਭਰਨ ਲਈ ਜ਼ਰੂਰੀ ਜਾਣਕਾਰੀ ਲੈਣ ਲਈ ਆਪਣੇ ਪਲੇਅ ਸਕੂਲ ਤੋਂ ਤੁਰ ਪਈ। ਪਰ ਉਹ ਵਾਪਸ ਨਹੀਂ ਆ ਸਕੀ ਅਤੇ 13 ਅਗਸਤ ਨੂੰ ਉਸ ਦੀ ਲਾਸ਼ ਇੱਕ ਖੇਤ ’ਚੋਂ ਮਿਲੀ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੂੰ ਸਮੇਂ ਸਿਰ ਸੂਚਨਾ ਮਿਲਣ ਦੇ ਬਾਵਜੂਦ ਪੁਲੀਸ ਨੇ ਢਿਲਮੱਠ ਵਾਲਾ ਰਵਈਆਂ ਅਖ਼ਤਿਆਰ ਕੀਤਾ ਜਿਸ ਕਾਰਨ ਸਹੀ ਅਤੇ ਨਿਰਪੱਖ ਜਾਂਚ ਅੱਗੇ ਨਹੀਂ ਵਧ ਸਕੀ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਪੂਰੇ ਹਰਿਆਣਾ ਦੀ ਝੰਜੋੜ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਤੇ ਮੁਲਜ਼ਮਾਂ ਨੂੰ ਫੌਰੀ ਗ੍ਰਿਫ਼ਤਾਰ ਕਰਕੇ ਸਖਤ ਸਜ਼ਾ ਦਿਵਾਈ ਜਾਵੇ। ਇਸ ਮੌਕੇ ਜਗਦੀਸ਼ ਬੈਰਾਗੀ, ਰਾਮਕੁਮਾਰ ਬੈਰਾਗੀ, ਰਾਮ ਕੁਮਾਰ ਨੰਬਰਦਾਰ ਮਾਧੋਸਿੰਘਾਣਾ, ਜੈਚੰਦ ਬੈਰਾਗੀ, ਪ੍ਰਕਾਸ਼ ਮਾਮੇਰਾਂ, ਰਣਧੀਰ ਜੋਧਕਾਂ, ਭੀਮ ਸੋਨੀ, ਨਰੇਸ਼ ਝੋਰੜ, ਵਿਮਲ ਸਵਾਮੀ, ਲੋਕੇਸ਼ ਸੇਨ, ਸੰਦੀਪ ਕਾਸਨੀਆਂ ਆਦਿ ਸਮਤੇ ਹਾਜ਼ਰ ਸਨ।